ਜਗਮੋਹਨ ਸਿੰਘ
ਘਨੌਲੀ, 15 ਜੂਨ
ਘਨੌਲੀ ਨੇੜਲੇ ਪਿੰਡ ਬੇਗ਼ਮਪੁਰਾ ਆਬਾਦੀ ਘਨੌਲੀ ਦੇ ਸਰਪੰਚ ਗੁਰਚਰਨ ਸਿੰਘ ਵੱਲੋਂ ਅੱਜ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ। ਇਸ ਇਕੱਠ ਦੌਰਾਨ ਸਰਪੰਚ ਵੱਲੋਂ ਪਿੰਡ ਵਾਸੀਆਂ ਨਾਲ ਪੀਣ ਵਾਲੇ ਗੰਧਲੇ ਪਾਣੀ ਅਤੇ ਘੁਮਾਰ ਮੁਹੱਲਾ ਘਨੌਲੀ ਵਾਲੇ ਪਾਸਿਓਂ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਸਰਪੰਚ ਗੁਰਚਰਨ ਸਿੰਘ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਵੱਲੋਂ ਗੰਧਲੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਾਫੀ ਸਮੇਂ ਤੋਂ ਮਤਾ ਪਾ ਕੇ ਸਬੰਧਤ ਵਿਭਾਗ ਨੂੰ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਬੇਗ਼ਮਪੁਰਾ ਦੀਆਂ ਗਲੀਆਂ ਵੱਲ ਅਤੇ ਪਿੰਡ ਨੇੜੇ ਖੇਤਾਂ ਵਿੱਚ ਸੁੱਟੇ ਹੋਏ ਗੰਦੇ ਪਾਣੀ ਸਬੰਧੀ ਵੀ ਗ੍ਰਾਮ ਪੰਚਾਇਤ ਘਨੌਲੀ ਅਤੇ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਦਰਖਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਇਸ ਸਬੰਧੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਘਨੌਲੀ ਦਾ ਗੰਦਾ ਪਾਣੀ ਬੇਗ਼ਮਪੁਰਾ ਪਿੰਡ ਦੀ ਆਬਾਦੀ ਅਤੇ ਸਕੂਲ ਨੇੜੇ ਘੁੰਮ ਰਿਹਾ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ।
ਉਨ੍ਹਾਂ ਪਿੰਡ ਵਾਸੀਆਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੇ ਦੋਵੇਂ ਮਸਲੇ ਇਕ ਹਫਤੇ ਦੇ ਅੰਦਰ ਹੱਲ ਨਾ ਕੀਤੇ ਤਾਂ ਸਮੂਹ ਪਿੰਡ ਵਾਸੀ ਸੰਘਰਸ਼ ਲਈ ਤਿਆਰ ਰਹਿਣ। ਇਸ ਮੌਕੇ ਪੰਚ ਰਣਜੀਤ ਸਿੰਘ, ਪੰਚ ਰਾਜਿੰਦਰ ਕੌਰ, ਪੰਚ ਸੁਖਵਿੰਦਰ ਕੌਰ, ਪੰਚ ਸੁਰਮੁੱਖ ਸਿੰਘ ਤੇ ਪੰਚ ਕੁਲਦੀਪ ਕੌਰ ਸਮੇਤ ਮਹਿਲਾ ਮੰਡਲ ਦੀ ਪ੍ਰਧਾਨ ਮਨਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।








