ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਸਤੰਬਰ
ਇੱਥੇ ਇੰਡੀਅਨ ਸਵੱਛਤਾ ਲੀਗ-2.0 ਪ੍ਰੋਗਰਾਮ ਤਹਿਤ ਸ਼ਹਿਰ ਅੰਦਰ ਰੈਲੀ ਰਾਹੀਂ ਲੋਕਾਂ ਨੂੰ ਸਫ਼ਾਈ ਦਾ ਹੋਕਾ ਦਿੱਤਾ ਗਿਆ। ਇਸ ਮੁਹਿੰਮ ਤਹਿਤ ਪੈਦਲ ਅਤੇ ਸਾਈਕਲ ਰੈਲੀ ਨੂੰ ਰਵਾਨਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਅਤੇ ਕਮਿਸ਼ਨਰ ਪੂਨਮ ਸਿੰਘ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਵਿੱਚ ਨਾਗਰਿਕਾਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ 17 ਸਤੰਬਰ ਤੋਂ ਦੋ ਅਕਤੂਬਰ ਤੱਕ ਇਸ ਸਵੱਛਤਾ ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਦੀ ਸੈਗਰੀਗੇਸਨ, ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਨਾ ਕਰਨ, ਕੂੜਾ ਪ੍ਰਬੰਧਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਸੰਯੁਕਤ ਕਮਿਸ਼ਨਰ ਵੀ ਗੁਰਪ੍ਰੀਤ ਸਿੰਘ ਤੇ ਹੋਰ ਨਿਗਮ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਸਾਈਕਲ ਰੈਲੀ ਵਿੱਚ ਨਗਰ ਨਿਗਮ ਅਧਿਕਾਰੀਆਂ ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿਸਾ ਲਿਆ। ਰੈਲੀ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਨੇ ਗਿੱਧਾ ਤੇ ਭੰਗੜਾ ਪਾ ਕੇ ਰੰਗ ਬੰਨ੍ਹਿਆ। ਇਸ ਮੌਕੇ ਵਾਤਾਵਰਣ ਦੀ ਸ਼ੁਧਤਾ ਲਈ ਪੌਦੇ ਵੀ ਵੰਡੇ ਗਏ ਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਵੱਲੋਂ ਸਵੱਛਤਾ ਹੀ ਸੇਵਾ ਅਧੀਨ ਇੰਡੀਅਨ ਸਵੱਛਤਾ ਲੀਗ 2-0 ਰੈਲੀ ਕੱਢੀ ਗਈ। ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਦੇ ਵਿਦਿਆਰਥੀਆਂ, ਨਗਰ ਕੌਂਸਲ ਦੇ ਕਰਮਚਾਰੀਆਂ ਤੇ ਹੋਰ ਪਤਵੰਤਿਆਂ ਨੇ ਹਿੱਸਾ ਲਿਆ। ਇਸ ਰੈਲੀ ਰਾਹੀਂ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ, ਪਲਾਸਟਿਕ ਦੀ ਵਰਤੋਂ ਨਾ ਕਰਨ, ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੈਨੇਟਰੀ ਇੰਸਪੈਕਟਰ ਅੰਕੁਸ਼ ਸਿੰਗਲਾ, ਸੀਐਫ ਪਾਰੁਲ ਗਰਗ, ਸੀਐਫ ਹਰਕੇਸ਼ ਬਾਂਸਲ, ਪ੍ਰਿੰਸੀਪਲ ਹਰੀਸ਼ ਬਾਂਸਲ, ਪ੍ਰਿਯੰਕਾ ਤਿਆਲ ਤੇ ਸਕੂਲ ਸਟਾਫ਼ ਤੇ ਮੋਟੀਵੇਟਰ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਕੌਂਸਲ ਮਾਨਸਾ ਵੱਲੋਂ ਇੰਡੀਅਨ ਸਵੱਛਤਾ ਲੀਗ-2.0 ਮੁਹਿੰਮ ਤਹਿਤ ਸਵੱਛਤਾ ਰੈਲੀ ਕੱਢੀ ਗਈ। ਨਗਰ ਕੌਸਲ ਮਾਨਸਾ ਦੇ ਪ੍ਰਧਾਨ ਵਿਜੈ ਕੁਮਾਰ ਵੱਲੋਂ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਹ ਰੈਲੀ ਐਸਡੀ ਕੰਨਿਆ ਮਹਾਂਵਿਦਿਆਲਿਆ ਤੋਂ ਸ਼ੁਰੂ ਹੋ ਕੇ ਬਾਰ੍ਹਾਂ ਹੱਟਾਂ ਚੌਕ, ਗੁਰਦੁਆਰਾ ਸਾਹਿਬ ਚੌਕ, ਮਾਈ ਨਿੱਕੋ ਦੇਵੀ ਸਕੂਲ ਅਤੇ ਸਿਵਲ ਹਸਪਤਾਲ ਤੋਂ ਹੁੰਦੇ ਹੋਏ ਐਸਡੀ ਕੰਨਿਆ ਮਹਾਂਵਿਦਿਆਲਿਆ ਪਹੁੰਚੀ। ਇਸ ਰੈਲੀ ਵਿੱਚ ਐਸ.ਡੀ ਕੰਨਿਆ ਮਹਾਂਵਿਦਿਆਲਿਆ, ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਐਨਸੀਸੀ, ਐਨਐਸਐਸ ਦੇ ਵਾਲੰਟੀਅਰਜ਼, ਸਟਾਫ, ਐਨਜੀਓ ਵਾਲੰਟੀਅਰਜ਼ ਅਤੇ ਨਗਰ ਕੌਂਸਲ ਮਾਨਸਾ ਦੀ ਟੀਮ ਨੇ ਹਿੱਸਾ ਲਿਆ। ਇਸ ਮੌਕੇ ਤਰਸੇਮ ਸਿੰਘ ਸੈਨਟਰੀ ਸੁਪਰਵਾਈਜ਼ਰ, ਮੁਕੇਸ਼ ਕੁਮਾਰ ਸਫਾਈ ਮੇਟ, ਗਗਨਦੀਪ ਕੁਮਾਰ, ਕਿਰਨਦੀਪ ਕੌਰ, ਸੁਖਪਾਲ ਕੌਰ, ਕਮਲਜੀਤ ਕੌਰ ਮੌਜੂਦ ਸਨ।
ਪਲਾਸਟਿਕ ਦੇ ਲਿਫਾਫਿਆਂ ਖ਼ਿਲਾਫ਼ ਜਾਗਰੂਕ ਕੀਤਾ
ਭੁੱਚੋ ਮੰਡੀ (ਪੱਤਰ ਪ੍ਰੇਰਕ): ਨਗਰ ਕੌਂਸਲ ਵੱਲੋਂ ਪਲਾਸਟਿਕ ਦੇ ਲਿਫ਼ਾਫਿਆਂ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਜਾਗਰੂਕ ਰੈਲੀ ਕੱਢੀ ਗਈ। ਇਸ ਰੈਲੀ ਨੂੰ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਵਿੱਚ ਸਰਕਾਰੀ ਹਾਈ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਸ਼ਾਮਲ ਹੋਈਆਂ। ਇਹ ਰੈਲੀ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਅਤੇ ਗਲੀਆਂ ਵਿੱਚੋਂ ਹੁੰਦੀ ਹੋਈ, ਉਸੇ ਥਾਂ ਆ ਕੇ ਸਮਾਪਤ ਹੋਈ। ਇਸ ਵਿੱਚ ਸਵੱਛ ਭਾਰਤ ਦੀ ਕੋਆਰਡੀਨੇਟਰ ਸੁਮਨਪ੍ਰੀਤ ਕੌਰ, ਸੈਨਟਰੀ ਇੰਚਾਰਜ ਸਤੀਸ਼ ਚੰਦਰ, ਕੌਂਸਲਰ ਦਲਜੀਤ ਸਿੰਘ, ਕੌਂਸਲਰ ਰਾਜ ਕੁਮਾਰ, ਮੋਟੀਵੇਟਰ ਪਰਮਜੀਤ ਕੌਰ, ਪ੍ਰੀਤੀ ਕੌਰ ਅਤੇ ਤਮੰਨਾ ਸ਼ਾਮਲ ਸਨ।
The post ਇੰਡੀਅਨ ਸਵੱਛਤਾ ਲੀਗ ਤਹਿਤ ਰੈਲੀਆਂ appeared first on punjabitribuneonline.com.










