ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਦੇਸ਼ ਲਈ ਖ਼ਤਰਨਾਕ: ਐੱਮਐੱਸਪੀਆਈ (ਯੂ)

ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਦੇਸ਼ ਲਈ ਖ਼ਤਰਨਾਕ: ਐੱਮਐੱਸਪੀਆਈ (ਯੂ)


ਪੱਤਰ ਪ੍ਰੇਰਕ
ਦੋਰਾਹਾ, 27 ਨਵੰਬਰ
ਇੱਥੇ ਅੱਜ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਯੂਨਾਈਟਿਡ) ਦੇ ਮੈਂਬਰਾਂ ਦੀ ਇਕੱਤਰਤਾ ਜੋਗਿੰਦਰ ਸਿੰਘ ਸ਼ਹਿਯਾਦ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਭਾਜਪਾ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਕੂੜ ਪ੍ਰਚਾਰ ਅਤੇ ਦੇਸ਼ ਅੰਦਰ ਫੈਲਾਏ ਜਾ ਰਹੇ ਫਿਰਕੂ ਮਾਹੌਲ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੇਸ਼ ਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ ਨੇ ਕਿਹਾ ਕਿ ਸਮੁੱਚਾ ਵਿਸ਼ਵ ਪਹਿਲਾਂ ਹੀ ਆਰਥਿਕ ਸੰਕਟ ਦੀ ਮਾਰ ਹੇਠ ਹੋਣ ਦੇ ਬਾਵਜੂਦ ਰੂਸ ਤੇ ਯੂਕਰੇਨ ਅਤੇ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਛਿੜੀ ਹੋਣ ਕਾਰਨ ਆਰਥਿਕ ਸੰਕਟ ਹੋਰ ਡੂੰਘਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਕੇ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਦੇਸ਼ ਅੰਦਰ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਸ ਤੋਂ ਇਲਾਵਾ ਕਿਰਤ ਕਾਨੂੰਨਾਂ ਨੂੰ ਸੋਧ ਕੇ ਚਾਰ ਕੋਡਾਂ ਵਿੱਚ ਬਦਲ ਕੇ ਮਜ਼ਦੂਰਾਂ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ। ਪਵਨ ਕੁਮਾਰ ਕੌਸ਼ਲ ਨੇ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ। ਸੂਬੇ ਅੰਦਰ ਕਤਲ, ਲੁੱਟ-ਖੋਹ, ਫਿਰੌਤੀ ਮੰਗਣ, ਬਲਾਤਕਾਰ ਅਤੇ ਨਸ਼ਿਆਂ ਕਾਰਨ ਮੌਤਾਂ ਦਾ ਹੋਣਾ ਆਮ ਹੋ ਗਿਆ ਹੈ। ਸੁਖਦੇਵ ਸਿੰਘ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਦਾ ਹੱਲ ਪੰਜਾਬ ਸਰਕਾਰ ਖ਼ੁਦ ਕਰੇ, ਪਰਾਲੀ ਨੂੰ ਹੋਰ ਕੰਮਾਂ ਵਿੱਚ ਵਰਤਣ ਲਈ ਸਨਅਤ ਲਗਾਈ ਜਾਵੇ ਅਤੇ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ।

The post ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਦੇਸ਼ ਲਈ ਖ਼ਤਰਨਾਕ: ਐੱਮਐੱਸਪੀਆਈ (ਯੂ) appeared first on punjabitribuneonline.com.



Source link