Jathedar Kuldeep Singh Gargaj : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸਮਾਜ ਵਿੱਚ ਨੌਜਵਾਨਾਂ ਦੇ ਵਿਆਹ ਅਤੇ ਪਰਿਵਾਰ ਨੂੰ ਲੈ ਕੇ ਅਹਿਮ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਮੁੰਡੇ-ਕੁੜੀਆਂ 30 ਸਾਲ ਤੋਂ ਵੱਧ ਉਮਰ ਦੇ ਹੋ ਚੁੱਕੇ ਹਨ, ਉਨ੍ਹਾਂ ਦੇ ਵਿਆਹ ਲਈ ਪਰਿਵਾਰਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਚੰਗੇ ਰਿਸ਼ਤੇ ਕਰਵਾਉਣੇ ਚਾਹੀਦੇ ਹਨ।
ਰਿਸ਼ਤੇ ਕਰਵਾਉਣ ਵਿੱਚ ਪਰਿਵਾਰ ਨਾ ਕਰਨ ਝਿਜਕ
ਜਥੇਦਾਰ ਨੇ ਕਿਹਾ ਕਿ ਰਿਸ਼ਤੇ ਕਰਵਾਉਣ ਵਿੱਚ ਕਿਸੇ ਤਰ੍ਹਾਂ ਦੀ ਰੋਕ-ਟੋਕ ਜਾਂ ਬੇਲੋੜੀ ਝਿਜਕ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਦੇ ਮਾਮਲੇ ਵਿੱਚ ਲੋੜ ਤੋਂ ਵੱਧ ਸੰਕੋਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਸਿਰਫ਼ ਨਿੱਜੀ ਨਹੀਂ, ਸਗੋਂ ਪੰਥਕ ਮੁੱਦਾ ਵੀ ਹੈ।
ਉਨ੍ਹਾਂ ਸਿੱਖ ਪਰਿਵਾਰਾਂ ਵਿੱਚ ਵੱਧ ਬੱਚੇ ਹੋਣ ਦੀ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਘੱਟੋ-ਘੱਟ ਤਿੰਨ ਬੱਚੇ ਹੋਣੇ ਚਾਹੀਦੇ ਹਨ, ਜਦਕਿ ਇਸ ਤੋਂ ਵੱਧ ਬੱਚਿਆਂ ਨੂੰ ਲੈ ਕੇ ਗੁਰੂ ਦੀ ਮਰਜ਼ੀ ਸਰਵਉੱਚ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਆਦਾ ਬੱਚੇ ਹੋਣਾ ਸ਼ਰਮ ਜਾਂ ਝਿਜਕ ਦੀ ਗੱਲ ਨਹੀਂ ਹੈ।
ਭਾਈ ਮਨੀ ਸਿੰਘ ਦੇ ਪਰਿਵਾਰ ਦੀ ਦਿੱਤੀ ਮਿਸਾਲ
ਆਪਣੇ ਸੰਦੇਸ਼ ਵਿੱਚ ਜਥੇਦਾਰ ਨੇ ਭਾਈ ਮਨੀ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਿਸਾਲ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਈ ਮਨੀ ਸਿੰਘ 12 ਭਰਾਵਾਂ ਵਿੱਚੋਂ ਇੱਕ ਸਨ। ਇਨ੍ਹਾਂ ਵਿੱਚੋਂ ਇੱਕ ਨੇ ਬਚਪਨ ਵਿੱਚ ਹੀ ਦੇਹ ਤਿਆਗ ਦਿੱਤੀ, ਜਦਕਿ 11 ਭਰਾ ਸ਼ਹੀਦ ਹੋਏ। ਉਨ੍ਹਾਂ ਕਿਹਾ ਕਿ ਅੱਜ ਅਸੀਂ ਉਨ੍ਹਾਂ ਸ਼ਹੀਦਾਂ ਦੇ ਵਾਰਸ ਹਾਂ ਅਤੇ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਉਸੇ ਵਿਰਾਸਤ ਨਾਲ ਜੋੜਨਾ ਚਾਹੀਦਾ ਹੈ।
ਚੜ੍ਹਦੀ ਕਲਾ ਵਿੱਚ ਅੱਗੇ ਵਧਣ ਦਾ ਦਿੱਤਾ ਸੰਦੇਸ਼
ਜਥੇਦਾਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜਨ ਅਤੇ ਧਰਮ ਤੇ ਗੁਰਬਾਣੀ ਨਾਲ ਜੋੜਨ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਸਮਾਜ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਅੱਗੇ ਵਧਣਾ ਚਾਹੀਦਾ ਹੈ। ਜਥੇਦਾਰ ਦਾ ਇਹ ਸੰਦੇਸ਼ ਮੁੱਖ ਤੌਰ ’ਤੇ ਸਿੱਖ ਸਮਾਜ ਵਿੱਚ ਵਿਆਹ ਦੀ ਉਮਰ, ਪਰਿਵਾਰ ਨੂੰ ਮਜ਼ਬੂਤ ਕਰਨ, ਬੱਚਿਆਂ ਦੀ ਗਿਣਤੀ ਵਧਾਉਣ ਅਤੇ ਨਵੀਂ ਪੀੜ੍ਹੀ ਨੂੰ ਧਰਮ ਤੇ ਗੁਰਬਾਣੀ ਨਾਲ ਜੋੜਨ ’ਤੇ ਕੇਂਦਰਿਤ ਰਿਹਾ।
