Chandigarh Vegetable Market : ਚੰਡੀਗੜ੍ਹ ਦੀਆਂ ਸਬਜ਼ੀ ਮੰਡੀਆਂ ਵਿੱਚ ਵੈਂਡਰਾਂ ਵੱਲੋਂ ਸਬਜ਼ੀਆਂ ਅਤੇ ਫਲਾਂ ’ਤੇ ਰੰਗੀਨ ਲਾਈਟਾਂ ਲਗਾਉਣ ਨੂੰ ਲੈ ਕੇ ਨਗਰ ਨਿਗਮ ਸਖ਼ਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਹਰੀ, ਪੀਲੀ ਜਾਂ ਲਾਲ ਲਾਈਟਾਂ ਦੀ ਵਰਤੋਂ ਕਰਨ ਵਾਲੇ ਵੈਂਡਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨਗਰ ਨਿਗਮ ਦੀ ਕਮੇਟੀ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜਿਸ ਨੂੰ ਅਕਤੂਬਰ ਮਹੀਨੇ ਹੋਣ ਵਾਲੀ ਹਾਊਸ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ।
ਨਗਰ ਨਿਗਮ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਗੁਰਪ੍ਰੀਤ ਗਾਬੀ ਮੁਤਾਬਕ ਕਈ ਵੈਂਡਰ ਸਬਜ਼ੀਆਂ ’ਤੇ ਹਰੀ ਅਤੇ ਫਲਾਂ ’ਤੇ ਪੀਲੀ ਜਾਂ ਲਾਲ ਰੰਗ ਦੀ ਲਾਈਟ ਲਗਾਉਂਦੇ ਹਨ। ਇਸ ਕਾਰਨ ਸਬਜ਼ੀਆਂ ਅਤੇ ਫਲ ਅਸਲ ਨਾਲੋਂ ਜ਼ਿਆਦਾ ਤਾਜ਼ੇ ਅਤੇ ਵਧੀਆ ਦਿਖਾਈ ਦਿੰਦੇ ਹਨ। ਗਾਹਕ ਇਨ੍ਹਾਂ ਨੂੰ ਚੰਗੀ ਕੁਆਲਿਟੀ ਦਾ ਸਮਝ ਕੇ ਖਰੀਦ ਲੈਂਦੇ ਹਨ, ਪਰ ਘਰ ਪਹੁੰਚਣ ’ਤੇ ਹਕੀਕਤ ਸਾਹਮਣੇ ਆਉਂਦੀ ਹੈ।
ਕਮੇਟੀ ਵੱਲੋਂ ਵੈਂਡਰਾਂ ਲਈ ਚਲਾਨ ਦਾ ਸਿਸਟਮ ਵੀ ਤਿਆਰ ਕੀਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਕੀਤਾ ਜਾਵੇਗਾ ਅਤੇ ਤਿੰਨ ਵਾਰ ਚਲਾਨ ਹੋਣ ’ਤੇ ਵੈਂਡਰ ਦਾ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਵੈਂਡਰ ਦੇ ਆਈਡੀ ਕਾਰਡ ਵਿੱਚ ਪਰਿਵਾਰ ਅਤੇ ਪੂਰੇ ਪਤੇ ਦੀ ਜਾਣਕਾਰੀ ਵੀ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਗੰਦਗੀ ਫੈਲਾਉਣ ’ਤੇ ਵੀ ਨਿਗਰਾਨੀ ਕੀਤੀ ਜਾਵੇਗੀ।
ਕਿਸਾਨਾਂ ਨੂੰ ਮਿਲੇਗੀ 50% ਛੋਟ
ਪ੍ਰਸਤਾਵ ਵਿੱਚ ਸਥਾਨਕ ਕਿਸਾਨਾਂ ਲਈ ਮੰਡੀ ਫੀਸ ਵਿੱਚ 50 ਫੀਸਦੀ ਛੋਟ ਦੇਣ ਦੀ ਵਿਵਸਥਾ ਵੀ ਰੱਖੀ ਗਈ ਹੈ। ਇਹ ਛੋਟ ਉਨ੍ਹਾਂ ਕਿਸਾਨਾਂ ਨੂੰ ਮਿਲੇਗੀ, ਜਿਨ੍ਹਾਂ ਕੋਲ ਆਪਣੀ ਜ਼ਮੀਨ ਦੀ ਫ਼ਰਦ ਅਤੇ ਪਛਾਣ ਪੱਤਰ ਮੌਜੂਦ ਹੋਵੇਗਾ। ਨਗਰ ਨਿਗਮ ਦੀ ਮੰਡੀ ਨਾਲ ਸਬੰਧਤ ਕਮੇਟੀ ਦੇ ਸਾਰੇ ਮੈਂਬਰ ਇਲਾਕੇ ਦੇ ਕੌਂਸਲਰ ਹਨ। ਪ੍ਰਸਤਾਵ ਨੂੰ ਹਾਊਸ ਮੀਟਿੰਗ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਦੀ ਮਨਜ਼ੂਰੀ ਲੈ ਕੇ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
