ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 1 ਫਰਵਰੀ
ਡੇਹਲੋਂ ਪੁਲੀਸ ਨੇ ਨਸ਼ਾ ਤਸਕਰਾਂ ਦੇ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਕੇ ਉਸ ਕੋਲੋਂ ਦਸ ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ ਸੀ ਤੇ ਅੱਜ ਉਸ ਦੇ ਸਰਗਨੇ ਸਮੇਤ ਦੋ ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪਹਿਲੀ ਖੇਪ ਵਿੱਚੋਂ ਲੁਕੋ ਕੇ ਰੱਖੀ ਹੋਈ ਇੱਕ ਕੁਇੰਟਲ ਹੋਰ ਭੁੱਕੀ, ਇੱਕ ਸਵਿਫਟ ਕਾਰ ਅਤੇ ਉਹ ਕੰਟੇਨਰ ਵੀ ਫੜਿਆ ਹੈ ਜਿਸ ਵਿੱਚ ਇੱਕ ਖੁਫੀਆ ਕੈਬਿਨ ਬਣਾ ਕੇ ਵੱਡੀ ਮਾਤਰਾ ਵਿੱਚ ਨਸ਼ਾ ਤਸਕਰੀ ਕੀਤੀ ਜਾਂਦੀ ਸੀ।
ਕੁੱਝ ਦਿਨ ਪਹਿਲਾਂ ਇਸ ਇਲਾਕੇ ਵਿੱਚ ਲੰਮੇ ਸਮੇਂ ਤੋਂ ਨਸ਼ਿਆਂ ਦੀ ਤਸਕਰੀ ਵਿੱਚ ਲੱਗੇ ਗਰੋਹ ਦੇ ਤਿੰਨ ਮੈਂਬਰਾਂ ਵਿਰੁੱਧ ਪਰਚਾ ਦਰਜ ਕਰਕੇ ਜੰਮੂ ਸਿੰਘ ਵਾਸੀ ਘੁੰਗਰਾਨਾ ਪਿੰਡ ਨੂੰ ਕਾਬੂ ਕੀਤਾ ਗਿਆ ਸੀ ਅਤੇ ਉਸ ਕੋਲੋਂ ਦਸ ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਸੀ। ਏ ਸੀ ਪੀ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ ਪੜਤਾਲ ਦੌਰਾਨ ਇਸ ਗਰੋਹ ਦਾ ਸਰਗਨਾ ਪਿੰਡ ਜੋਧਾਂ ਨਿਵਾਸੀ ਹੁਸ਼ਿਆਰ ਸਿੰਘ ਉਰਫ਼ ਸੋਨੀ ਦੱਸਿਆ ਗਿਆ ਸੀ ਜਿਸ ਨੂੰ ਤੇ ਉਸ ਦੇ ਸਾਥੀ ਮੁਕੇਸ਼ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਨਿਸ਼ਾਨਦਹੀ ’ਤੇ ਇੱਕ ਕੁਇੰਟਲ ਹੋਰ ਭੁੱਕੀ ਖੜ੍ਹੇ ਕੰਟੇਨਰ ਵਿੱਚੋਂ ਬਰਾਮਦ ਕੀਤੀ ਗਈ ਹੈ। ਇਨ੍ਹਾਂ ਨੇ ਟਰੱਕ ਦੇ ਕੰਟੋਨਰ ਦੇ ਅਗਲੇ ਕੈਬਿਨ ਅੰਦਰ ਖੁਫੀਆ ਕੈਬਿਨ ਬਣਾਇਆ ਸੀ ਜਿਸ ਵਿੱਚ ਕਰੀਬ ਵੀਹ ਕੁਇੰਟਲ ਤੱਕ ਭੁੱਕੀ ਛੁਪਾ ਕੇ ਲਿਆਂਦੀ ਜਾ ਸਕਦੀ ਹੈ। ਤਫਤੀਸ਼ੀ ਅਫਸਰ ਸੁਭਾਸ਼ ਕਟਾਰੀਆ ਨੇ ਦੱਸਿਆ ਕਿ ਮੁਲਜ਼ਮਾਂ ਦਾ ਤਿੰਨ ਦਿਨ ਦਾ ਰਿਮਾਂਡ ਮਿਲ ਗਿਆ ਹੈ ਜਿਸ ਦੌਰਾਨ ਇਹ ਪਤਾ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ ਕਿ ਫੜੇ ਗਏ ਕੰਟੇਨਰ ਵਿੱਚ ਹੁਣ ਤੱਕ ਕਿੰਨੀ ਵਾਰ ਨਸ਼ੀਲੇ ਪਦਾਰਥ ਲਿਆਂਦੇ ਗਏ ਹਨ।
The post ਨਸ਼ਾ ਤਸਕਰੀ ਮਾਮਲਾ: ਸਰਗਨੇ ਸਣੇ ਦੋ ਕਾਬੂ appeared first on Punjabi Tribune.










