ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਕਸ਼ਮੀਰ ਸਿੰਘ ਦਾ 11 ਤਕ ਰਿਮਾਂਡ; ਖਹਿਰਾ ਦੀਆਂ ਮੁਸ਼ਕਿਲਾਂ ਵਧਣ ਦੇ ਆਸਾਰ

ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਕਸ਼ਮੀਰ ਸਿੰਘ ਦਾ 11 ਤਕ ਰਿਮਾਂਡ; ਖਹਿਰਾ ਦੀਆਂ ਮੁਸ਼ਕਿਲਾਂ ਵਧਣ ਦੇ ਆਸਾਰ


ਪਰਮਜੀਤ ਸਿੰਘ
ਫਾਜ਼ਿਲਕਾ, 8 ਅਕਤੂਬਰ
ਸਾਲ 2015 ਦੇ ਡਰੱਗ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਦੂਜੀ ਵਾਰੀ ਬਣਾਈ ਗਈ ਸਿਟ ਦੀ ਰਿਪੋਰਟ ਦੇ ਆਧਾਰ ’ਤੇ 8 ਸਾਲ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੁਲੀਸ ਵਲੋਂ ਨਵੇਂ ਖੁਲਾਸੇ ਕੀਤੇ ਜਾ ਰਹੇ ਹਨ। ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਕਥਿਤ ਮੁਲਜ਼ਮ ਕਸ਼ਮੀਰ ਸਿੰਘ ਬਿੱਲਾ ਨੂੰ ਜਲਾਲਾਬਾਦ ਦੇ ਜਸਟਿਸ ਰਾਮ ਪਾਲ ਦੀ ਅਦਾਲਤ ਵਲੋਂ 7 ਅਕਤੂਬਰ ਤੱਕ ਦਿੱਤੇ ਪੁਲੀਸ ਰਿਮਾਂਡ ਤੋਂ ਬਾਅਦ ਪੰਜਾਬ ਪੁਲੀਸ ਨੂੰ ਕਸ਼ਮੀਰ ਸਿੰਘ ਦਾ 11 ਅਕਤੂਬਰ ਤੱਕ ਹੋਰ ਰਿਮਾਂਡ ਦਿੱਤਾ ਗਿਆ ਹੈ। ਇਸ ਨਾਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਪੰਜਾਬ ਸਰਕਾਰ ਖਹਿਰਾ ਖ਼ਿਲਾਫ਼ ਡੂੰਘਾਈ ਨਾਲ ਪੜਤਾਲ ਕਰਨਾ ਚਾਹੁੰਦੀ ਹੈ। ਇਸੇ ਕਰਕੇ ਹੀ ਸਰਕਾਰ ਵੱਲੋਂ ਵਿਧਾਇਕ ਖਹਿਰਾ ਨੂੰ ਘੱਟ ਮਿਲੇ ਪੁਲੀਸ ਰਿਮਾਂਡ ਖ਼ਿਲਾਫ ਸੈਸ਼ਨ ਕੋਰਟ ਫਾਜ਼ਿਲਕਾ ’ਚ ਨਜ਼ਰਸਾਨੀ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ।
ਖਹਿਰਾ ਨੇ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ: ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ 2015 ਵਿਚ ਦਰਜ ਐੱਨਡੀਪੀਐੱਸ ਕੇਸ ਵਿਚ ਐੱਸਆਈਟੀ ਵਲੋਂ ਕੀਤੀ ਗ੍ਰਿਫ਼ਤਾਰੀ ਅਤੇ ਹੇਠਲੀ ਅਦਾਲਤ ਵਲੋਂ ਹਿਰਾਸਤ ਵਿਚ ਵਾਧਾ ਕਰਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਜਸਟਿਸ ਵਿਕਾਸ ਬਹਿਲ ਨੇ ਨਿੱਜੀ ਕਾਰਨਾਂ ਕਰਕੇ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਅਤੇ ਪਟੀਸ਼ਨ ਨੂੰ ਚੀਫ ਜਸਟਿਸ ਕੋਲ ਭੇਜ ਦਿੱਤਾ ਹੈ। ਖਹਿਰਾ ਨੇ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ।

The post ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਕਸ਼ਮੀਰ ਸਿੰਘ ਦਾ 11 ਤਕ ਰਿਮਾਂਡ; ਖਹਿਰਾ ਦੀਆਂ ਮੁਸ਼ਕਿਲਾਂ ਵਧਣ ਦੇ ਆਸਾਰ appeared first on punjabitribuneonline.com.



Source link