ਫਿਰੌਤੀ ਲਈ ਸਾਬਕਾ ਕਾਂਗਰਸੀ ਵਿਧਾਇਕ ’ਤੇ ਹਮਲਾ

ਫਿਰੌਤੀ ਲਈ ਸਾਬਕਾ ਕਾਂਗਰਸੀ ਵਿਧਾਇਕ ’ਤੇ ਹਮਲਾ


ਪੱਤਰ ਪ੍ਰੇਰਕ
ਮਾਨਸਾ, 24 ਫਰਵਰੀ

ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਨੂੰ ਮੁੱਢਲੀ ਸਹਾਇਤਾ ਲਈ ਪਹਿਲਾਂ ਸਿਵਲ ਹਸਪਤਾਲ ਬੁਢਲਾਡਾ ਦਾਖ਼ਲ ਕਰਵਾਇਆ, ਜਿਥੋਂ ਉਨ੍ਹਾਂ ਨੂੰ ਮਾਨਸਾ ਰੈਫ਼ਰ ਕਰ ਦਿੱਤਾ ਗਿਆ।

ਇਹ ਘਟਨਾ ਬਰੇਟਾ ਵਿਚਲੇ ਸਾਬਕਾ ਵਿਧਾਇਕ ਦੀ ਮਾਲਕੀ ਵਾਲੇ ਗਰੀਨ ਲੈਂਡ ਸਕੂਲ ਵਿੱਚ ਵਾਪਰੀ, ਜਿੱਥੇ ਉਨ੍ਹਾਂ ਨੇ ਆਪਣਾ ਪਾਰਟੀ ਦਫ਼ਤਰ ਵੀ ਬਣਾਇਆ ਹੋਇਆ ਹੈ। ਸ੍ਰੀ ਬਾਂਸਲ ਨੇ ਦੱਸਿਆ ਕਿ ਤਿੰਨ ਨੌਜਵਾਨ ਸ਼ਾਮ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਦਾਖਲ ਹੋਏ ਤੇ ਅੰਦਰੋਂ ਕਮਰਾ ਬੰਦ ਕਰ ਲਿਆ। ਹਮਲਾਵਰਾਂ ਨੇ ਪਹਿਲਾਂ ਉਨ੍ਹਾਂ ਦਾ ਮੋਬਾਈਲ ਫੋਨ ਭੰਨ੍ਹ ਦਿੱਤਾ ਤੇ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ। ਹਮਲਾਵਰਾਂ ਨੇ ਪੁਲੀਸ ਨੂੰ ਸੂਚਿਤ ਕਰਨ ‘ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਇਸ ਮਗਰੋਂ ਉਹ ਇਹ ਕਹਿ ਕੇ ਉਥੋਂ ਚਲੇ ਗਏ ਕਿ ਦੋ ਦਿਨਾਂ ਬਾਅਦ ਉਨ੍ਰਾਂ ਦਾ ਸਾਥੀ ਆ ਕੇ ਰਕਮ ਲੈ ਜਾਵੇਗਾ। ਉਧਰ ਮਾਨਸਾ ਪੁਲੀਸ ਨੂੰ ਜਾਣਕਾਰੀ ਮਿਲਣ ਮਗਰੋਂ ਐੱਸਪੀ ਡਾ. ਬਾਲ ਕ੍ਰਿਸ਼ਨ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਸਿਵਲ ਹਸਪਤਾਲ ਬੁਢਲਾਡਾ ਵਿਖੇ ਸ੍ਰੀ ਬਾਂਸਲ ਨਾਲ ਵੀ ਮੁਲਾਕਾਤ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਤਿੰਨੇ ਹਮਲਾਵਰ ਇਨੋਵਾ ਕਾਰ ਵਿੱਚ ਆਉਂਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਡੀਐੱਸਪੀ ਨਵਨੀਤ ਕੌਰ ਗਿੱਲ ਤੇ ਐੱਸਐੱਚਓ ਬਰੇਟਾ ਗੁਰਦਰਸ਼ਨ ਸਿੰਘ ਮਾਨ ਦੀ ਅਗਵਾਈ ਹੇਠ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਗਈ ਹੈ। ਪੁਲੀਸ ਕਪਤਾਨ ਡਾ. ਬਾਲ ਕ੍ਰਿਸ਼ਨ ਨੇ ਦੱਸਿਆ ਕਿ ਸ੍ਰੀ ਬਾਂਸਲ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਸ੍ਰੀ ਬਾਂਸਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਪੁਲੀਸ ਨੂੰ ਦਿੱਤੀ ਸੀ।



Source link