ਨਵੀਂ ਦਿੱਲੀ, 3 ਅਪਰੈਲ
ਮੁੱਖ ਅੰਸ਼
- ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਅੱਜ
ਭੁਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੁੱਕ ਦੋ ਰੋਜ਼ਾ ਦੌਰੇ ‘ਤੇ ਅੱਜ ਭਾਰਤ ਪਹੁੰਚੇ ਹਨ। ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਥੋਂ ਦੇ ਹਵਾਈ ਅੱਡੇ ਉਨ੍ਹਾਂ ਦਾ ਸਵਾਗਤ ਕੀਤਾ। ਵਾਂਗਚੁੱਕ ਵੱਲੋਂ ਮੰਗਲਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਦਿਆਂ ਵਾਂਗਚੁੱਕ ਦਾ ਭਾਰਤ ਵਿੱਚ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਭੁਟਾਨ ਵਿਚਾਲੇ ਬੀਤੇ ਕੁਝ ਸਾਲਾਂ ਵਿੱਚ ਰੱਖਿਆ ਤੇ ਸੁਰੱਖਿਆ ਸਬੰਧੀ ਮਾਮਲਿਆਂ ‘ਤੇ ਵੱਡੇ ਪੱਧਰ ‘ਤੇ ਵਿਸਥਾਰ ਹੋਇਆ ਹੈ। ਕਾਬਿਲੇਗੌਰ ਹੈ ਕਿ ਸਾਲ 2017 ਵਿੱਚ ਭਾਰਤ ਤੇ ਚੀਨੀ ਫੌਜਾਂ ਡੋਕਲਾਮ ਟਰਾਈ ਜੰਕਸ਼ਨ ‘ਤੇ 73 ਦਿਨਾਂ ਲਈ ਆਹਮੋ-ਸਾਹਮਣੇ ਹੋਈਆਂ ਸਨ। ਇਸ ਮਗਰੋਂ ਭਾਰਤ ਤੇ ਭੁਟਾਨ ਵਿਚਲੇ ਸਬੰਧਾਂ ਵਿੱਚ ਹੋਰ ਵੀ ਸੁਧਾਰ ਹੋਇਆ ਸੀ। ਡੋਕਲਾਮ ਟਰਾਈ ਜੰਕਸ਼ਨ ‘ਤੇ ਭਾਰਤ-ਚੀਨੀ ਫੌਜਾਂ ਇਸ ਲਈ ਆਹਮੋ-ਸਾਹਮਣੇ ਹੋਈਆਂ ਸਨ ਕਿਉਂਕਿ ਚੀਨ ਵੱਲੋਂ ਇਕ ਸੜਕ ਦੀ ਉਸਾਰੀ ਕੀਤੀ ਜਾ ਰਹੀ ਸੀ ਤੇ ਭੁਟਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਜ਼ਮੀਨ ਉਸ (ਭੁਟਾਨ) ਦੀ ਹੈ। ਭਾਰਤ ਨੇ ਵੀ ਚੀਨ ਵੱਲੋਂ ਉਸਾਰੀ ਜਾ ਰਹੀ ਸੜਕ ਦਾ ਵਿਰੋਧ ਕੀਤਾ ਸੀ। ਇਸ ਮਗਰੋਂ ਭਾਰਤ ਤੇ ਚੀਨ ਵਿਚਾਲੇ ਕਈ ਦੌਰਾਂ ਦੀ ਗੱਲਬਾਤ ਮਗਰੋਂ ਸਬੰਧਾਂ ਵਿੱਚ ਆਈ ਖੜੋਤ ਨੂੰ ਦੂਰ ਕੀਤਾ ਗਿਆ ਸੀ। ਭੁਟਾਨ ਦੇ ਰਾਜਾ ਜਿਗਮੇ ਵਾਂਗਚੁੱਕ ਨੇ ਸ਼ਾਮ ਵੇਲੇ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕੀਤਾ, ‘ਭੁਟਾਨ ਦੇ ਭਵਿੱਖ ਸਬੰਧੀ ਵਾਂਗਚੁੱਕ ਦਾ ਨਜ਼ਰੀਆ ਅਤੇ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਲਈ ਕੀਤੇ ਗਏ ਯਤਨ ਸ਼ਲਾਘਾਯੋਗ ਹਨ।’ ਦੱਸਣਯੋਗ ਹੈ ਕਿ ਭੁਟਾਨ ਦੀ 400 ਕਿਲੋਮੀਟਰ ਲੰਬੀ ਸਰਹੱਦ ਚੀਨ ਨਾਲ ਲੱਗਦੀ ਹੈ ਤੇ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਦੇ ਨਿਬੇੜੇ ਲਈ ਗੱਲਬਾਤ ਦੇ 24 ਦੌਰ ਚੱਲੇ ਹਨ। ਕਰੋਨਾ ਮਹਾਮਾਰੀ ਦੌਰਾਨ ਭੁਟਾਨ ਪਹਿਲਾ ਦੇਸ਼ ਸੀ, ਜਿਸ ਨੂੰ ਭਾਰਤ ਨੇ ਕੋਵੀਸ਼ੀਲਡ ਵੈਕਸੀਨ ਸਪਲਾਈ ਕੀਤੀ ਸੀ। -ਪੀਟੀਆਈ










