ਪੱਤਰ ਪ੍ਰੇਰਕ
ਤਪਾ ਮੰਡੀ, 7 ਜਨਵਰੀ
ਪਾਵਰਕੌਮ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਨੇ 66 ਕੇਵੀ ਗਰਿੱਡ ਸਬ-ਸਟੇਸ਼ਨ ਵਿੱਚ ਮੈਨੇਜਮੈਂਟ ਖ਼ਿਲਾਫ਼ ਆਪਣੀਆਂ ਮੰਗਾਂ ਦੇ ਹੱਲ ਸਬੰਧੀ ਧਰਨਾ ਲਾਇਆ। ਆਰਗੇਨਾਈਜੇਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਤੇ ਪ੍ਰੈੱਸ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਭਰਤੀ ਹੋਏ ਸਹਾਇਕ ਲਾਈਨਮੈਨਾਂ ਨੂੰ 3 ਸਾਲ ਪੂਰੇ ਹੋਣ ’ਤੇ ਵੀ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਪੂਰੀ ਤਨਖ਼ਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਮੈਨੇਜਮੈਂਟ ਨਾਲ ਮੀਟਿੰਗਾਂ ਕਰ ਕੇ ਸਿਰਫ਼ ਲਾਰੇ ਹੀ ਮਿਲ ਰਹੇ ਹਨ, ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ 3 ਸਾਲ ਪੂਰੇ ਕਰ ਚੁੱਕੇ ਮੁਲਾਜ਼ਮਾਂ ਨੂੰ ਲਾਈਨਮੈਨ ਬਣਾਉਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਸਾਡੀਆਂ ਮੰਗਾਂ ਨੂੰ ਜਲਦੀ ਹੱਲ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਦੀਪ ਸਿੰਘ, ਸੁਖਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
The post ਮੁਲਾਜ਼ਮਾਂ ਨੇ ਪਾਵਰਕੌਮ ਖ਼ਿਲਾਫ਼ ਧਰਨਾ ਲਾਇਆ appeared first on punjabitribuneonline.com.








