ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਨਵੰਬਰ
ਯੂਟੀ ਦੇ ਸਰਕਾਰੀ ਸਕੂਲਾਂ ਦੇ 220 ਅਧਿਆਪਕਾਂ ਨੂੰ ਚੋਣ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਇਹ ਖ਼ੁਲਾਸਾ ਯੂਟੀ ਕੇਡਰ ਐਜੂੇਕਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਵੱਲੋਂ ਆਰਟੀਆਈ ਰਾਹੀਂ ਮੰਗੀ ਜਾਣਕਾਰੀ ਵਿੱਚ ਹੋਇਆ ਹੈ। ਸ੍ਰੀ ਕੰਬੋਜ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਦੀ ਡਿਊਟੀ ਚੋਣ ਕੰਮ ਵਿੱਚ ਨਹੀਂ ਲਾਈ ਜਾ ਸਕਦੀ।
ਦੂਜੇ ਪਾਸੇ, ਚੋਣ ਵਿਭਾਗ ਨੇ ਦੱਸਿਆ ਕਿ 220 ਅਧਿਆਪਕ ਬੀਐਲਓ ਤੇ ਮਾਸਟਰ ਬੀਐਲਓ ਦੀ ਡਿਊਟੀ ਦੇ ਰਹੇ ਹਨ।
ਸ੍ਰੀ ਕੰਬੋਜ ਨੇ ਦੱਸਿਆ ਕਿ ਚੋਣਾਂ ’ਚ ਡਿਊਟੀ ਲਗਾਉਣਾ ਆਰਟੀਈ ਐਕਟ-27 ਦੀ ਉਲੰਘਣਾ ਹੈ ਕਿਉਂਕਿ ਚੋਣ ਡਿਊਟੀ ਸਕੂਲ ਦੇ ਬਾਕੀ ਸਟਾਫ ਦੀ ਲਾਈ ਜਾ ਸਕਦੀ ਹੈ ਅਧਿਆਪਕਾਂ ਦੀ ਨਹੀਂ। ਇਹ ਅਧਿਆਪਕ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਦੀ ਨਵੀਂ ਵੋਟ ਬਣਾਉਣਾ, ਮਕਾਨ ਦਾ ਪਤਾ ਬਦਲਣ, ਨਾਂ ਵਿੱਚ ਸੋਧ ਆਦਿ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਜੇਬੀਟੀ ਅਧਿਆਪਕ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਬੱਚਿਆਂ ਨੂੰ ਪੜ੍ਹਾਉਂਦੇ ਹਨ ਤੇ ਇਨ੍ਹਾਂ ਦੇ ਚੋਣ ਡਿਊਟੀ ਕਰਨ ਨਾਲ ਕਈ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਪ੍ਰਭਾਵਤਿ ਹੋ ਰਹੀ ਹੈ। ਸ੍ਰੀ ਕੰਬੋਜ ਨੇ ਮੰਗ ਕੀਤੀ ਕਿ 220 ਅਧਿਆਪਕਾਂ ਨੂੰ ਚੋਣ ਵਿਭਾਗ ਵਿੱਚ ਡਿਊਟੀ ’ਤੇ ਲਾਉਣਾ ਗ਼ਲਤ ਹੈ। ਯੂਟੀ ਕੈਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਪਹਿਲਾਂ ਵੀ ਕਈ ਵਾਰ ਡੀਸੀ ਅਤੇ ਚੋਣ ਵਿਭਾਗ ਨੂੰ ਅਪੀਲ ਕਰ ਚੁੱਕੀ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਚੋਣ ਡਿਊਟੀ ਲਈ ਨਾ ਵਰਤਿਆ ਜਾਵੇ ਕਿਉਂਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਅਸਰ ਪੈਂਦਾ ਹੈ ਤੇ ਇਹ ਕੰਮ ਕਿਸੇ ਪ੍ਰਾਈਵੇਟ ਏਜੰਸੀ ਤੋਂ ਕਰਵਾਇਆ ਜਾਵੇ| ਸ੍ਰੀ ਕੰਬੋਜ ਨੇ ਕਿਹਾ ਕਿ ਆਰਟੀਆਈ ਦੀ ਜਾਣਕਾਰੀ ਦੇਣ ਵਾਲੇ ਅਧਿਕਾਰੀ ਨੇ ਸਰਵਉੱਚ ਅਦਾਲਤ ਦੇ ਹੁਕਮਾਂ ਸਬੰਧੀ ਅਣਜਾਣਤਾ ਪ੍ਰਗਟਾਈ।
The post ਯੂਟੀ ’ਚ 220 ਸਰਕਾਰੀ ਅਧਿਆਪਕਾਂ ਨੂੰ ਚੋਣ ਡਿਊਟੀ ’ਤੇ ਲਾਇਆ appeared first on punjabitribuneonline.com.










