ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 20 ਅਪਰੈਲ
ਪਿੰਡ ਨਾਨੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਸੇਵਾਵਾਂ ਦੇ ਰਹੇ ਅਧਿਆਪਕ ਸੁਰਜੀਤ ਸਿੰਘ ਹੋਰਨਾਂ ਲਈ ਪ੍ਰੇਰਣਾ ਸਰੋਤ ਬਣ ਰਹੇ ਹਨ। ਮਾ. ਸੁਰਜੀਤ ਸਿੰਘ ਜਿੱਥੇ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਨਿਭਾਅ ਰਹੇ ਹਨ ਉਥੇ ਹੀ ਸਕੂਲ ਸਮੇਂ ਤੋਂ ਬਾਅਦ ਉਹ ਇਲਾਕੇ ਦੇ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਨਿਕਲਣ ਵਾਲੇ ਟੈਸਟਾਂ ਦੀ ਮੁਫਤ ਕੋਚਿੰਗ ਦਿੰਦੇ ਹਨ। ਅਧਿਆਪਕ ਸੁਰਜੀਤ ਤੋਂ ਕੋਚਿੰਗ ਲੈ ਚੁੱਕੇ 70 ਦੇ ਕਰੀਬ ਨੌਜਵਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਕਰ ਰਹੇ ਹਨ।
ਸੁਰਜੀਤ ਸਿੰਘ ਦਾ ਕਹਿਣਾ ਹੈ ਕੇ ਉਹ ਖ਼ੁਦ ਗਰੀਬੀ ਵਿੱਚੋਂ ਨਿਕਲੇ ਹਨ, ਇਸ ਵਾਸਤੇ ਇਹ ਦਰਦ ਸਮਝਦੇ ਹਨ ਕਿ ਬਿਨਾਂ ਪੈਸਿਆਂ ਤੋਂ ਕੁਝ ਵੀ ਕਰਨਾ ਔਖਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ‘ਤੇ ਕਮਜ਼ੋਰ ਇਲਾਕੇ ਦੇ ਬੱਚੇ ਸਰਕਾਰੀ ਨੌਕਰੀਆਂ ਲਈ ਹੋਣ ਵਾਲੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਇਸ ਕਰ ਕੇ ਨਹੀਂ ਕਰ ਪਾਉਂਦੇ ਕਿਉਂਕਿ ਉਨ੍ਹਾਂ ਕੋਲ ਮਹਿੰਗੇ ਕੋਚਿੰਗ ਸੈਂਟਰਾਂ ਵਿੱਚ ਜਾਣ ਲਈ ਪੈਸੇ ਨਹੀਂ ਹੁੰਦੇ। ਅਜਿਹੇ ਨੌਜਵਾਨਾਂ ਦੀ ਮਦਦ ਲਈ ਉਹ ਸਕੂਲ ਤੋਂ ਬਾਅਦ ਮੁਫ਼ਤ ਕੋਚਿੰਗ ਦੇ ਰਹੇ ਹਨ।










