ਮੁੱਖ ਅੰਸ਼
- ਸ਼ੁਰੂਆਤ ਿਵੱਚ 100 ਲਾਭਪਾਤਰੀਆਂ ਨੂੰ ਲੱਗੇਗੀ ਵਿਦੇਸ਼ੀ ਵੈਕਸੀਨ
- ਸੱਤ ਦਿਨ ਦੀ ਨਿਗਰਾਨੀ ਮਗਰੋਂ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਬਣਾਉਣ ਬਾਰੇ ਕੀਤਾ ਜਾਵੇਗਾ ਵਿਚਾਰ
ਨਵੀਂ ਦਿੱਲੀ, 13 ਅਪਰੈਲ
ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦੇ ਅਮਲ ਨੂੰ ਤੇਜ਼ ਕਰਨ ਤੇ ਘਰੇਲੂ ਵੈਕਸੀਨਾਂ ਦੀ ਰੜਕਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਨੇ ਵਿਦੇਸ਼ਾਂ ਤੋਂ ਟੀਕਿਆਂ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਉਹੀ ਟੀਕੇ (ਵੈਕਸੀਨ) ਦਰਾਮਦ ਕੀਤੇ ਜਾਣਗੇ, ਜਿਨ੍ਹਾਂ ਨੂੰ ਹੰਗਾਮੀ ਹਾਲਤ ‘ਚ ਵਰਤੋਂ ਲਈ ਪ੍ਰਵਾਨਗੀ ਮਿਲੀ ਹੋਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਵਿਦੇਸ਼ੀ ਵੈਕਸੀਨ ਸ਼ੁਰੂਆਤ ਵਿੱਚ 100 ਲਾਭਪਾਤਰੀਆਂ ਨੂੰ ਲਗਾਈ ਜਾਵੇਗੀ, ਜਿਨ੍ਹਾਂ ਦੀ ਸੱਤ ਦਿਨ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਲਾਭਪਾਤਰੀਆਂ ‘ਚ ਵੈਕਸੀਨ ਦੇ ਮਾੜੇ ਪ੍ਰਭਾਵ ਸਾਹਮਣੇ ਨਾ ਆਉਣ ਦੀ ਸੂਰਤ ‘ਚ ਵੈਕਸੀਨ ਨੂੰ ਭਾਰਤੀ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਵਿਦੇਸ਼ੀ ਮੁਲਕਾਂ ਵਿੱਚ ਵਿਕਸਤ ਤੇ ਉਤਪਾਦਿਤ ਵੈਕਸੀਨਾਂ, ਜਿਨ੍ਹਾਂ ਨੂੰ ਅਮਰੀਕਾ, ਯੂਰੋਪ, ਯੂਕੇ, ਜਪਾਨ ਜਿਹੇ ਮੁਲਕਾਂ ਦੀਆਂ ਸਬੰਧਤ ਅਥਾਰਿਟੀਜ਼ ਹੰਗਾਮੀ ਹਾਲਤ ਵਿੱਚ ਵਰਤੋਂ ਦੀ ਪ੍ਰਵਾਨਗੀ ਦੇ ਚੁੱਕੀਆਂ ਹਨ ਜਾਂ ਜਿਹੜੀਆਂ ਵੈਕਸੀਨਾਂ ਐਮਰਜੈਂਸੀ ਵਰਤੋਂ ਲਈ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਦੀ ਸੂਚੀ ਵਿੱਚ ਸ਼ੁਮਾਰ ਹਨ, ਨੂੰ ਭਾਰਤ ਵਿੱਚ ਹੰਗਾਮੀ ਵਰਤੋਂ ਦੀ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਵਿਦੇਸ਼ੀ ਵੈਕਸੀਨਾਂ ਨੂੰ ਹੰਗਾਮੀ ਵਰਤੋਂ ਲਈ ਹਰੀ ਝੰਡੀ ਤਾਂ ਹੀ ਮਿਲੇਗੀ, ਜੇਕਰ ਉਹ ਨਿਊ ਡਰੱਗਜ਼ ਤੇ ਕਲੀਨਿਕਲ ਟਰਾਇਲਾਂ ਨਿਯਮ 2019 ਵਿਚਲੀਆਂ ਵਿਵਸਥਾਵਾਂ ਨੂੰ ਪੂਰਾ ਕਰਦੀਆਂ ਹੋਣਗੀਆਂ। ਮੰਤਰਾਲੇ ਨੇ ਕਿਹਾ, ‘ਇਸ ਫੈਸਲੇ ਨਾਲ ਜਿੱਥੇ ਭਾਰਤ ਦੀ ਵਿਦੇਸ਼ੀ ਵੈਕਸੀਨਾਂ ਤੱਕ ਤੇਜ਼ੀ ਨਾਲ ਰਸਾਈ ਸੰਭਵ ਹੋਵੇਗੀ, ਉਥੇ ਡਰੱਗ ਤਿਆਰ ਕਰਨ ਲਈ ਲੋੜੀਂਦੀ ਸਮੱਗਰੀ ਦੀ ਦਰਾਮਦ ਨੂੰ ਵੀ ਹੁਲਾਰਾ ਮਿਲੇਗਾ। ਵੈਕਸੀਨ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਦੀ ਸਮਰੱਥਾ ਤੇ ਘਰੇਲੂ ਵਰਤੋਂ ਲਈ ਵੈਕਸੀਨ ਉਪਲੱਬਧਤਾ ਵਧੇਗੀ।’ ਉਂਜ ਸਰਕਾਰ ਨੇ ਉਪਰੋਕਤ ਫੈਸਲਾ ਕੋਵਿਡ-19 ਲਈ ਵੈਕਸੀਨ ਪ੍ਰਸ਼ਾਸਨ (ਐੱਨਈਜੀਵੀਏਸੀ) ਬਾਰੇ ਕੌਮੀ ਮਾਹਿਰਾਂ ਦੇ ਗਰੁੱਪ (ਐੱਨਈਪੀ) ਵੱਲੋਂ ਕੀਤੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਲਿਆ ਹੈ। ਚੇਤੇ ਰਹੇ ਕਿ ਭਾਰਤ ਵਿੱਚ ਕਰੋਨਾ ਤੋਂ ਬਚਾਅ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਦੌਰਾਨ ਹੈਦਰਾਬਾਦ ਅਧਾਰਿਤ ਭਾਰਤ ਬਾਇਓਟੈੱਕ ਵੱਲੋਂ ਤਿਆਰ ‘ਕੋਵੈਕਸੀਨ’ ਤੇ ਪੁਣੇ ਅਧਾਰਿਤ ਭਾਰਤੀ ਸੀਰਮ ਇੰਸਟੀਚਿਊਟ ਵੱਲੋਂ ਤਿਆਰ ‘ਕੋਵੀਸ਼ੀਲਡ’ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। -ਪੀਟੀਆਈ
ਵੈਕਸੀਨ ਤੱਕ ਸਾਰਿਆਂ ਦੀ ਪਹੁੰਚ ਯਕੀਨੀ ਬਣਾਉਣ ਦੀ ਲੋੜ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਸਿਹਤ ਸੁਰੱਖਿਆ ਹੁਣ ਕੌਮੀ ਸੁਰੱਖਿਆ ਦਾ ਜ਼ਰੂਰੀ ਅੰਗ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਵੈਕਸੀਨ ਤੱਕ ਪੂਰੀ ਦੁਨੀਆ ਵਿਚ ਸਾਰਿਆਂ ਦੀ ਬਰਾਬਰ ਪਹੁੰਚ ਯਕੀਨੀ ਬਣਾਉਣ ਦੀ ਲੋੜ ਹੈ ਕਿਉਂਕਿ ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੋਣਗੇ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਵੈਕਸੀਨ ਦਾ ਉਤਪਾਦਨ ਵਧਾਉਣ ਦੀ ਲੋੜ ਹੈ। -ਪੀਟੀਆਈ
ਭਾਰਤ ‘ਚ ਕਰੋਨਾ ਦੇ 161,736 ਨਵੇਂ ਮਰੀਜ਼, 879 ਮੌਤਾਂ
ਨਵੀਂ ਦਿੱਲੀ: ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ 1,61,736 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 1,36,89,453 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕਰੋਨਾ ਕਰ ਕੇ 879 ਹੋਰ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ 258, ਛੱਤੀਸਗੜ੍ਹ 132, ਦਿੱਲੀ ਤੇ ਯੂਪੀ 72-72, ਗੁਜਰਾਤ 55, ਕਰਨਾਟਕ ਤੇ ਪੰਜਾਬ 52-52, ਮੱਧ ਪ੍ਰਦੇਸ਼ 37, ਰਾਜਸਥਾਨ 25, ਤਾਮਿਲਨਾਡੂ ਤੇ ਝਾਰਖੰਡ 19-19, ਹਰਿਆਣਾ ਤੇ ਪੱਛਮੀ ਬੰਗਾਲ 14-14 ਅਤੇ ਆਂਧਰਾ ਪ੍ਰਦੇਸ਼ ਤੇ ਕੇਰਲਾ ਵਿਚ 11-11 ਵਿਅਕਤੀ ਦਮ ਤੋੜ ਗਏ। -ਪੀਟੀਆਈ
‘ਸਮੱਸਿਆ ਵੈਕਸੀਨ ਥੁੜ੍ਹ ਦੀ ਨਹੀਂ, ਬਿਹਤਰ ਪਲਾਨਿੰਗ ਦੀ’
ਨਵੀਂ ਦਿੱਲੀ: ਦੇਸ਼ ਵਿੱਚ ਕਰੋਨਾ ਵੈਕਸੀਨ ਦੀ ਘਾਟ ਲਈ ਹੋ ਰਹੀ ਨੁਕਤਾਚੀਨੀ ਦਰਮਿਆਨ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 1.67 ਕਰੋੜ ਤੋਂ ਵੱਧ ਕੋਵਿਡ-19 ਦੀਆਂ ਖੁਰਾਕਾਂ ਅਜੇ ਵੀ ਮੌਜੂਦ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕਿਹਾ ਕਿ ਸਮੱਸਿਆ ਕੋਵਿਡ ਵੈਕਸੀਨ ਥੁੜ੍ਹਨ ਦੀ ਨਹੀਂ ਬਲਕਿ ਬਿਹਤਰ ਯੋਜਨਾਬੰਦੀ ਦੀ ਹੈ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿਹਤ ਸਕੱਤਰ ਨੇ ਕਿਹਾ ਕਿ ਹੁਣ ਤੱਕ ਰਾਜਾਂ ਤੇ ਯੂਟੀ’ਜ਼ ਨੂੰ ਕਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ 13,10,90,370 ਖੁਰਾਕਾਂ ਮੁਹੱਈਆ ਕੀਤੀਆਂ ਗਈਆਂ ਹਨ ਜਦੋਂਕਿ ਇਨ੍ਹਾਂ ‘ਚੋਂ ਖਪਤ ਹੋਈਆਂ ਖੁਰਾਕਾਂ ਦਾ ਅੰਕੜਾ 11,43,69,67 ਹੈ, ਜਿਸ ਵਿੱਚ ਨੁਕਸਾਨੀਆਂ ਖੁਰਾਕਾਂ ਵੀ ਸ਼ਾਮਲ ਹਨ। ਸਾਫ਼ ਹੈ ਕਿ ਦਿੱਕਤ ਵੈਕਸੀਨ ਦੀਆਂ ਖੁਰਾਕਾਂ ਥੁੜ੍ਹਨ ਦੀ ਨਹੀਂ ਬਲਕਿ ਬਿਹਤਰ ਪਲਾਨਿੰਗ ਦੀ ਅਣਹੋਂਦ ਹੈ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ.ਕੇ.ਪੌਲ ਨੇ ਕਿਹਾ ਕਿ ਹਾਲਾਫ਼ ਕਾਫ਼ੀ ਗੰਭੀਰ ਹੁੰਦੇ ਜਾ ਰਹੇ ਹਨ। ਕੁਝ ਰਾਜਾਂ ਵਿੱਚ ਹਾਲਾਤ ਚਿੰਤਾਜਨਕ ਹਨ, ਪਰ ਇਹ ਦੇਸ਼ਵਿਆਪੀ ਸੰਕਟ ਹੈ, ਜਿਸ ਲਈ ਟੈਸਟ, ਟਰੈਕ ਤੇ ਟਰੇਸ ਦੀ ਰਣਨੀਤੀ ‘ਤੇ ਧਿਆਨ ਜਾਰੀ ਰੱਖਣ ਦੀ ਲੋੜ ਹੈ। ਰੈਮਡੇਸਿਵਿਰ ਦੀ ਘਾਟ ਬਾਰੇ ਰਿਪੋਰਟਾਂ ਦਰਮਿਆਨ ਉਨ੍ਹਾਂ ਕਿਹਾ ਕਿ ਇਹ ਡਰੱਗ ਸਿਰਫ਼ ਹਸਪਤਾਲਾਂ ‘ਚ ਜ਼ੇਰੇ ਇਲਾਜ ਗੰਭੀਰ ਤੇ ਆਕਸੀਜਨ ਦੀ ਸਪੋਰਟ ਵਾਲੇ ਮਰੀਜ਼ਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ









