ਕੈਨੇਡਾ: ਵਿਦੇਸ਼ੀ ਬੋਲੀਆਂ ਵਿੱਚੋਂ ਪੰਜਾਬੀ ਤੇ ਮੈਂਡਰਿਨ ਦਾ ਦਬਦਬਾ

ਕੈਨੇਡਾ: ਵਿਦੇਸ਼ੀ ਬੋਲੀਆਂ ਵਿੱਚੋਂ ਪੰਜਾਬੀ ਤੇ ਮੈਂਡਰਿਨ ਦਾ ਦਬਦਬਾ


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 19 ਅਗਸਤ

ਕੈਨੇਡੀਅਨ ਮਰਦਮਸ਼ੁਮਾਰੀ ਵਿਭਾਗ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਆਵਾਸ (ਇਮੀਗ੍ਰੇਸ਼ਨ) ਵਧਣ ਕਾਰਨ ਦੱਖਣ-ਏਸ਼ਿਆਈ ਬੋਲੀਆਂ ਦਾ ਦਬਦਬਾ ਮੁਲਕ ਵਿਚ ਵਧਿਆ ਹੈ। ਦੇਸ਼ ਦੀਆਂ ਸਰਕਾਰੀ ਭਾਸ਼ਾਵਾਂ- ਅੰਗਰੇਜ਼ੀ ਤੇ ਫਰੈਂਚ ਤੋਂ ਬਾਅਦ ਪੰਜਾਬੀ ਅਤੇ ਮੈਂਡਰਿਨ (ਚੀਨੀ ਭਾਸ਼ਾ) ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ। ਘਰਾਂ ਵਿਚ ਮਾਂ ਬੋਲੀ ਬੋਲਣ ਵਾਲਿਆਂ ਦੀ ਗਿਣਤੀ ਪੰਜ ਸਾਲ ਪਹਿਲਾਂ ਦੇ ਅੰਕੜੇ (40 ਲੱਖ) ਤੋਂ ਟੱਪ ਕੇ 46 ਲੱਖ ਤੋਂ ਪਾਰ ਹੋ ਗਈ ਹੈ। ਵੇਰਵਿਆਂ ਮੁਤਾਬਕ ਮਈ 2016 ਤੋਂ ਦਸੰਬਰ 2021 ਤੱਕ ਕੈਨੇਡਾ ਦੇ ਪੱਕੇ ਵਾਸੀ ਬਣਨ ਵਾਲਿਆਂ ਵਿਚੋਂ ਹਰ ਪੰਜਵਾਂ ਵਿਅਕਤੀ ਭਾਰਤ ਦਾ ਜੰਮਪਲ ਹੈ ਤੇ ਇਨ੍ਹਾਂ ‘ਚੋਂ ਹੀ ਹਰ ਦਸਵਾਂ ਵਿਅਕਤੀ ਚੀਨ ਜਾਂ ਫਿਲੀਪੀਨਜ਼ ਦੇ ਉਨ੍ਹਾਂ ਖੇਤਰਾਂ ‘ਚੋਂ ਹੈ, ਜਿੱਥੇ ਮੈਂਡਰਿਨ ਬੋਲੀ ਜਾਂਦੀ ਹੈ। ਪੰਜ ਸਾਲਾਂ ਵਿਚ ਯੂਰੋਪੀ ਭਾਸ਼ਾਵਾਂ (ਇਟਾਲੀਅਨ, ਗਰੀਕ ਤੇ ਪੋਲਿਸ਼) ਬੋਲਣ ਵਾਲਿਆਂ ਦੀ ਗਿਣਤੀ ਘਟੀ ਹੈ। ਇਸ ਦੇ ਬਾਵਜੂਦ 90 ਫੀਸਦ ਕੈਨੇਡੀਅਨ ਸਰਕਾਰੀ ਅਤੇ ਜਨਤਕ ਥਾਵਾਂ ‘ਤੇ ਅੰਗਰੇਜ਼ੀ ਤੇ ਫਰੈਂਚ ਬੋਲਦੇ ਹਨ ਕਿਉਂਕਿ ਸਰਕਾਰੀ ਤੌਰ ‘ਤੇ ਇਹ ਦੋਵੇਂ ਭਾਸ਼ਾਵਾਂ ਹੀ ਮਾਨਤਾ ਪ੍ਰਾਪਤ ਹਨ। 2013 ਵਿਚ ਜਾਰੀ ਹੋਏ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ‘ਚ ਅੰਗਰੇਜ਼ੀ ਤੇ ਫਰੈਂਚ ਤੋਂ ਬਾਅਦ ਪੰਜਾਬੀ ਦਾ ਤੀਜਾ ਨੰਬਰ ਸੀ।Source link