ਯੂਕਰੇਨ ਦੇ ਪਰਮਾਣੂ ਊਰਜਾ ਪਲਾਂਟ ’ਤੇ ਮੁੜ ਬੰਬਾਰੀ

ਯੂਕਰੇਨ ਦੇ ਪਰਮਾਣੂ ਊਰਜਾ ਪਲਾਂਟ ’ਤੇ ਮੁੜ ਬੰਬਾਰੀ


ਲੰਡਨ, 20 ਨਵੰਬਰ

ਯੂਕਰੇਨ ਦੇ ਜ਼ੈਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਉਤੇ ਐਤਵਾਰ ਬੰਬਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਪਲਾਂਟ ਰੂਸ ਦੇ ਕਬਜ਼ੇ ਹੇਠ ਹੈ। ਸੰਯੁਕਤ ਰਾਸ਼ਟਰ ਨੇ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਗੋਲੀਬਾਰੀ ਵੱਡੀ ਪਰਮਾਣੂ ਤਬਾਹੀ ਦਾ ਕਾਰਨ ਬਣ ਸਕਦੀ ਹੈ। ਯੂਰੋਪ ਦੇ ਇਸ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ ਨੂੰ ਸ਼ਨਿਚਰਵਾਰ ਸ਼ਾਮ ਤੇ ਐਤਵਾਰ ਦਰਜਨ ਤੋਂ ਵੱਧ ਧਮਾਕਿਆਂ ਨੇ ਹਿਲਾ ਕੇ ਰੱਖ ਦਿੱਤਾ ਹੈ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗਰੌਸੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਦਿੱਤੀ ਸੂਚਨਾ ਕਾਫ਼ੀ ਪ੍ਰੇਸ਼ਾਨ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਪਲਾਂਟ ਦੇ ਕੁਝ ਉਪਕਰਨਾਂ, ਇਮਾਰਤਾਂ ਤੇ ਢਾਂਚਿਆਂ ਨੂੰ ਨੁਕਸਾਨ ਪੁੱਜਾ ਹੈ। ਮਾਸਕੋ ਤੇ ਕੀਵ ਧਮਾਕਿਆਂ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਏਜੰਸੀ ਮੁਖੀ ਗਰੌਸੀ ਨੇ ਕਿਹਾ ਕਿ ਪਰਮਾਣੂ ਪਲਾਂਟ ‘ਤੇ ਬੰਬਾਰੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਇਹ ਤੁਰੰਤ ਰੁਕਣੀ ਚਾਹੀਦੀ ਹੈ। ਇਹ ਅੱਗ ਨਾਲ ਖੇਡਣ ਵਾਂਗ ਹੈ। ਦੱਸਣਯੋਗ ਹੈ ਕਿ ਰੂਸ ਨੇ ਫਰਵਰੀ ਵਿਚ ਇਸ ਪਲਾਂਟ ਉਤੇ ਕਬਜ਼ਾ ਕਰ ਲਿਆ ਸੀ। ਉਸ ਤੋਂ ਬਾਅਦ ਕਈ ਵਾਰ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਪਲਾਂਟ ਦੁਨੀਆ ਦੀ ਸਭ ਤੋਂ ਬੁਰੀ ਪਰਮਾਣੂ ਤਬਾਹੀ ਵਾਲੀ ਥਾਂ ਚਰਨੋਬਿਲ ਤੋਂ ਸਿਰਫ਼ 500 ਕਿਲੋਮੀਟਰ ਦੂਰ ਹੈ। ਰੂਸ ਦੇ ਕਬਜ਼ੇ ਤੋਂ ਪਹਿਲਾਂ ਜ਼ੈਪੋਰਿਜ਼ੀਆ ਪਲਾਂਟ ਯੂਕਰੇਨ ਦੀ ਬਿਜਲੀ ਦਾ ਪੰਜਵਾਂ ਹਿੱਸਾ ਪੈਦਾ ਕਰ ਰਿਹਾ ਸੀ। ਫਰਵਰੀ ਤੋਂ ਬਾਅਦ ਇਸ ਨੂੰ ਕਈ ਵਾਰ ਬੈਕਅੱਪ ਜਨਰੇਟਰਾਂ ਉਤੇ ਕੰਮ ਕਰਨਾ ਪਿਆ ਹੈ। ਇਸ ਵਿਚ ਸੋਵੀਅਤ ਸਮਿਆਂ ਦੇ ਬਣੇ ਛੇ ਰੀਐਕਟਰ ਹਨ ਜੋ ਪਾਣੀ ਨਾਲ ਠੰਢੇ ਕੀਤੇ ਜਾਂਦੇ ਹਨ। ਇੱਥੇ ਯੂਰੇਨੀਅਮ 235 ਵਰਤਿਆ ਜਾ ਰਿਹਾ ਹੈ। ਰੀਐਕਟਰ ਫ਼ਿਲਹਾਲ ਬੰਦ ਹਨ ਪਰ ਜੇ ਕੂਲਿੰਗ ਸਿਸਟਮ ਨੂੰ ਜਾਣ ਵਾਲੀ ਬਿਜਲੀ ਸਪਲਾਈ ਕੱਟੀ ਜਾਂਦੀ ਹੈ ਤਾਂ ਪਰਮਾਣੂ ਈਂਧਨ ਲੋੜੋਂ ਵੱਧ ਗਰਮ ਹੋ ਸਕਦਾ ਹੈ। -ਰਾਇਟਰਜ਼



Source link