ਨਵੀਂ ਦਿੱਲੀ, 11 ਦਸੰਬਰ
ਕੌਮੀ ਰਾਜਧਾਨੀ ਵਿੱਚ ਅੱਜ ਹਵਾ ਗੁਣਵੱਤਾ ਖਰਾਬ ਦਰਜੇ ਵਿੱਚ ਸ਼ਾਮਿਲ ਹੋ ਗਈ। ਸੋਮਵਾਰ ਦੀ ਸਵੇਰ ਮੌਸਮ ਦੀ ਸਭ ਤੋਂ ਸਰਦੀ ਵਾਲੀ ਸਵੇਰ ਰਹੀ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਦੇ ਅਧਿਕਾਰੀ ਅਨੁਸਾਰ ਅੱਜ ਸਵੇਰ ਘੱਟ ਤੋਂ ਘੱਟ ਪਾਰਾ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਤ ਤਾਪਮਾਨ ਨਾਲੋਂ ਤਿੰਨ ਡਿਗਰੀ ਸੈਲਸੀਅਸ ਘੱਟ ਹੈ। ਕੌਮੀ ਰਾਜਧਾਨੀ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਤਾਪਮਾਨ ਵਿੱਚ ਆਏ ਦਿਨ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸ਼ਨਿਚਰਵਾਰ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਅਤੇ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਵਿਭਾਗ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਸ਼ਹਿਰ ਦੀ ਦੇਖਣ ਦੀ ਸਮਰੱਥਾ ਸੌ ਫ਼ੀਸਦ ਰਹੀ। ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਦਿਨ ਵਿੱਚ ਅਸਮਾਨ ਸਾਫ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਅਨੁਸਾਰ 12 ਤੋਂ 17 ਦਸੰਬਰ ਵਿਚਕਾਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਛੇ ਡਿਗਰੀ ਤੋਂ ਸੱਤ ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਦਿੱਲੀ ਦਾ ਹਵਾ ਗੁਣਵੱਤਾ ਸੂਚਕਅੰਕ( ਏਕਿਊਆਈ) ਸਵੇਰੇ 10.05 ਵਜੇ 318 ਰਿਹਾ, ਜੋ ਬਹੁਤ ਖਰਾਬ ਦਰਜੇ ਵਿੱਚ ਹੈ। ਏਕਿਊਆਈ ਨੂੰ ਜ਼ੀਰੋ ਤੋਂ ਪੰਜਾਹ ਦੇ ਵਿਚਕਾਰ ਚੰਗਾ, 51 ਤੋਂ 100 ਵਿਚਕਾਰ ਸੰਤੋਸ਼ਜਨਕ, 101 ਤੋਂ 200 ਵਿੱਚ ਮੱਧਮ, 201 ਤੋਂ 300 ਵਿੱਚ ਖਰਾਬ, 301 ਤੋਂ 400 ਵਿੱਚ ਬਹੁਤ ਖਰਾਬ, 401 ਤੋਂ 450 ਵਿਚਕਾਰ ਗੰਭੀਰ ਅਤੇ 450 ਤੋਂ ਉੱਪਰ ਅਤਿ ਗੰਭੀਰ ਮੰਨਿਆ ਜਾਂਦਾ ਹੈ। ਦਿੱਲੀ ਵਿੱਚ ਕਈ ਥਾਈਂ ਮੋਬਾਈਲ ਐਂਟੀ-ਸਮੌਗਗੰਨ ਨਾਲ ਪਾਣੀ ਛਿੜਕਿਆ ਗਿਆ। -ਪੀਟੀਆਈ
The post ਰਾਜਧਾਨੀ ਵਿੱਚ ਹਵਾ ਗੁਣਵੱਤਾ ਖਰਾਬ ਦਰਜੇ ਵਿੱਚ ਸ਼ਾਮਿਲ appeared first on punjabitribuneonline.com.










