ਹਾਈ ਕੋਰਟ ਨੇ ਧਰਮਕੋਟ ਕੌਂਸਲ ਦੇ ਅੱਠ ਵਾਰਡਾਂ ਦੀ ਚੋਣ ’ਤੇ ਲੱਗੀ ਰੋਕ ਹਟਾਈ

ਹਾਈ ਕੋਰਟ ਨੇ ਧਰਮਕੋਟ ਕੌਂਸਲ ਦੇ ਅੱਠ ਵਾਰਡਾਂ ਦੀ ਚੋਣ ’ਤੇ ਲੱਗੀ ਰੋਕ ਹਟਾਈ


ਹਰਦੀਪ ਸਿੰਘ
ਧਰਮਕੋਟ, 17 ਜਨਵਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਥੋਂ ਦੀ ਨਗਰ ਕੌਂਸਲ ਦੇ ਅੱਠ ਵਾਰਡਾਂ ਦੀ ਚੋਣ ਉੱਤੇ ਲਗਾਈ ਗਈ ਰੋਕ ਹਟਾ ਦਿੱਤੀ ਹੈ। ਦੇਰ ਸ਼ਾਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਤੇ ਇਹ ਫੈਸਲਾ ਸੁਣਾਇਆ ਹੈ।
ਇਸ ਤੋਂ ਪਹਿਲਾਂ 19 ਦਸੰਬਰ ਨੂੰ ਇਕ ਰਿੱਟ ਪਟੀਸ਼ਨ ਕਰ ਕੇ ਹਾਈ ਕੋਰਟ ਦੇ ਸਿੰਗਲ ਜੱਜ ਵੱਲੋਂ ਧਰਮਕੋਟ ਦੇ ਅੱਠ ਵਾਰਡਾਂ ਦੀ ਚੋਣ ਪ੍ਰਕਿਰਿਆ ਮੁਲਤਵੀ ਕਰਦੇ ਹੋਏ ਇਸ ਉੱਤੇ ਰੋਕ ਲਗਾ ਦਿੱਤੀ ਗਈ ਸੀ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸ਼ਾਮ ਨੂੰ ਕਾਹਲੀ ਨਾਲ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਹਾਈ ਕੋਰਟ ਦੇ ਨਵੇਂ ਆਏ ਫੈਸਲੇ ਨੂੰ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਧਰਮਕੋਟ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ 14 ਦਸੰਬਰ ਨੂੰ ਸ਼ੁਰੂ ਹੋਈ ਸੀ। ਇਸ ਚੋਣ ਪ੍ਰਕਿਰਿਆ ਵਿੱਚ 36 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਨਾਮ ਵਾਪਸੀ ਤੋਂ ਬਾਅਦ 13 ਉਮੀਦਵਾਰਾਂ ਦੀ ਸਰਬਸੰਮਤੀ ਨਾਲ ਚੋਣ ਕਰ ਲਈ ਗਈ ਸੀ ਅਤੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਵੀ ਜਾਰੀ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਇਕ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਆਪਣੀ ਹਾਰ ਬਰਦਾਸ਼ਤ ਨਾ ਹੋਈ ਅਤੇ ਉਨ੍ਹਾਂ ਨੇ ਮਾਣਯੋਗ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਦਾਇਰ ਕਰ ਦਿੱਤੀ ਸੀ।
ਵਿਧਾਇਕ ਨੇ ਦੱਸਿਆ ਕਿ ਦੇਰ ਸ਼ਾਮ ਹਾਈ ਕੋਰਟ ਦੇ ਡਬਲ ਬੈਂਚ ਦੀ ਅਗਵਾਈ ਕਰ ਰਹੇ ਮਾਣਯੋਗ ਜੱਜ ਜਸਟਿਸ ਸੁਰੇਸ਼ ਠਾਕੁਰ ਅਤੇ ਜਸਟਿਸ ਵਿਕਾਸ ਸੂਰੀ ਨੇ ਚੋਣ ਪ੍ਰਕਿਰਿਆ ਉੱਤੇ ਲੱਗੀ ਰੋਕ ਹਟਾ ਕੇ ਸਾਰੀ ਚੋਣ ਪ੍ਰਕਿਰਿਆ ਨੂੰ ਜਾਇਜ਼ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਵਲੋਂ ਸਰਕਾਰ ਨੂੰ ਧਰਮਕੋਟ ਨਗਰ ਕੌਂਸਲ ਦਾ ਗਠਨ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਅੰਦਰ ਪ੍ਰਧਾਨ ਸਣੇ ਬਾਕੀ ਅਹੁਦੇਦਾਰਾਂ ਦੀ ਚੋਣ ਕਰ ਲਈ ਜਾਵੇਗੀ। ਇਸ ਮੌਕੇ ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਰਿੱਕੀ, ਡਾ. ਗੁਰਮੀਤ ਸਿੰਘ ਗਿੱਲ, ਰਾਜਾ ਬੱਤਰਾ, ਡਾ. ਅੰਮ੍ਰਿਤਪਾਲ ਸਿੰਘ ਬਿੱਟੂ, ਚਮਕੌਰ ਸਿੰਘ, ਗੁਰਮੇਲ ਸਿੰਘ ਭੋਲਾ ਅਤੇ ਮੰਗਾ ਮੰਤਰੀ ਆਦਿ ਆਗੂ ਵੀ ਹਾਜ਼ਰ ਸਨ।

The post ਹਾਈ ਕੋਰਟ ਨੇ ਧਰਮਕੋਟ ਕੌਂਸਲ ਦੇ ਅੱਠ ਵਾਰਡਾਂ ਦੀ ਚੋਣ ’ਤੇ ਲੱਗੀ ਰੋਕ ਹਟਾਈ appeared first on Punjabi Tribune.



Source link