ਜੋਗਿੰਦਰ ਸਿੰਘ ਮਾਨ
ਮਾਨਸਾ, 6 ਮਾਰਚ
ਮਾਨਸਾ, 6 ਮਾਰਚ
ਸੰਯੁਕਤ ਕਿਸਾਨ ਮੋਰਚੇ (ਐਸਕੇਐਮ) ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 5 ਮਾਰਚ ਨੂੰ ਚੰਡੀਗੜ੍ਹ ਵਿੱਚ ਦਿੱਤੇ ਜਾਣ ਵਾਲੇ ਧਰਨੇ ਨੂੰ ਨਾਕਾਮ ਕਰਨ ਲਈ ਪੰਜਾਬ ਪੁਲੀਸ ਨੇ ਕਾਰਵਾਈ ਕਰਦਿਆਂ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚੋਂ ਜਿਹੜੇ ਸੈਂਕੜੇ ਕਿਸਾਨ ਆਗੂਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਸੀ, ਉਨ੍ਹਾਂ ਕਿਸਾਨਾਂ ਨੂੰ ਬੀਤੀ ਅੱਧੀ ਰਾਤ ਜੇਲ੍ਹਾਂ ’ਚੋਂ ਕੱਢ ਕੇ ਘਰੋਂ-ਘਰੀਂ ਪਹੁੰਚਾਇਆ ਗਿਆ। ਕਿਸਾਨ ਆਗੂਆਂ ਨੂੰ ਘਰ ਘਰ ਪਹੁੰਚਾਉਣ ਦਾ ਇਹ ਹੁਕਮ ਪਹਿਲੀ ਵਾਰ ਆਇਆ ਦੱਸਿਆ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਕਈ ਕਿਸਾਨੀ ਸੰਘਰਸ਼ਾਂ ਲਈ ਜੇਲ੍ਹਾਂ ਵਿੱਚ ਗਏ ਸਨ ਪਰ ਪਹਿਲੀ ਵਾਰ ਘਰਾਂ ਵਿੱਚ ਛੱਡਣ ਦੀ ਇਹ ਪਿਰਤ ਬੀਤੀ ਰਾਤ ਹੀ ਵੇਖੀ ਗਈ ਹੈ। ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਅਤੇ ਵਰਕਰਾਂ ਨੂੰ ਦੇਰ ਰਾਤ ਮਾਨਸਾ ਦੇ ਡੀਐਸਪੀ ਬੂਟਾ ਸਿੰਘ ਗਿੱਲ ਸਮੇਤ ਹੋਰ ਉਚ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬਾਹਰ ਕੱਢਿਆ ਗਿਆ ਅਤੇ ਥਾਣਿਆਂ ਦੇ ਹਿਸਾਬ ਨਾਲ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਛੱਡਣ ਦੀ ਡਿਊਟੀ ਥਾਣਾ ਮੁਖੀਆਂ ਦੀ ਲਗਾਈ ਗਈ ਜੋ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਆਗੂਆਂ ਨੂੰ ਘਰਾਂ ਦੇ ਬੂਹੇ ਖੁੱਲ੍ਹਵਾ ਕੇ ਛੱਡ ਕੇ ਆਏ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਪਿੰਡ ਫਫੜੇ ਭਾਈਕੇ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲੀਸ ਵੱਲੋਂ ਉਨ੍ਹਾਂ ਨੂੰ ਘਰਾਂ ਵਿੱਚ ਛੱਡਿਆ ਗਿਆ ਹੈ। ਪੁਲੀਸ ਨੇ ਘਰਾਂ ਵਿੱਚ ਛੱਡਣ ਵੇਲੇ ਬਕਾਇਦਾ ਉਨ੍ਹਾਂ ਨਾਲ ਫੋਟੋਆਂ ਖਿੱਚ ਕੇ ਉਚ ਅਧਿਕਾਰੀਆਂ ਨੂੰ ਭੇਜੀਆਂ ਹਨ। ਮਾਨਸਾ ਦੀ ਜ਼ਿਲ੍ਹਾ ਜੇਲ੍ਹ ’ਚੋਂ ਬਾਹਰ ਆਏ ਆਗੂਆਂ ਵਿਚੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦਾ ਸੂਬਾਈ ਆਗੂ ਮੱਖਣ ਸਿੰਘ ਮਾਨ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫ਼ਲ ਸਿੰਘ ਚੱਕ ਅਲੀਸ਼ੇਰ, ਭੋਲਾ ਸਿੰਘ ਸਮਾਓ ਅਤੇ ਅਮਰੀਕ ਸਿੰਘ ਫਫੜੇ ਭਾਈਕੇ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਆਗੂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਜਮਹੂਰੀ ਕਿਸਾਨ ਸਭਾ ਅਤੇ ਰਾਜੇਵਾਲ ਧੜੇ ਸਮੇਤ ਹੋਰ ਜਥੇਬੰਦੀਆਂ ਨਾਲ ਸਬੰਧਤ ਹਨ।
The post ਪੁਲੀਸ ਨੇ ਜੇਲ੍ਹ ’ਚੋਂ ਰਿਹਾਈ ਮਗਰੋਂ ਕਿਸਾਨ ਆਗੂਆਂ ਨੂੰ ਘਰ-ਘਰ ਛੱਡਿਆ appeared first on Punjabi Tribune.










