ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ Guru Tegh Bahadur ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ
• ਇਸ ਕਦਮ ਦਾ ਉਦੇਸ਼ ਸਾਰੇ ਸਕੂਲਾਂ ਵਿੱਚ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਸੱਚਾਈ, ਨਿਆਂ ਅਤੇ ਧਾਰਮਿਕ ਕਦਰਾਂ-ਕੀਮਤਾਂ ਪੈਦਾ ਕਰਨਾ ਹੈ: ਸਿੱਖਿਆ ਮੰਤਰੀ
• ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਜਾਣ ਲਈ ਕਿਹਾ

ਚੰਡੀਗੜ੍ਹ/ ਸ੍ਰੀ ਅਨੰਦਪੁਰ ਸਾਹਿਬ, 10 ਨਵੰਬਰ (ਵਿਸ਼ਵ ਵਾਰਤਾ):- ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ ਭਰ ਦੇ ਸਾਰੇ ਸਕੂਲਾਂ (ਸਰਕਾਰੀ, ਪ੍ਰਾਈਵੇਟ ਤੇ ਏਡਿਡ), ਭਾਵੇਂ ਉਹ ਕਿਸੇ ਵੀ ਸਿੱਖਿਆ ਬੋਰਡ ਨਾਲ ਸਬੰਧਤ ਹੋਣ, ਵਿੱਚ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇੱਕ ਲਾਜ਼ਮੀ ਸਿੱਖਿਆ ਪ੍ਰੋਗਰਾਮ ਲਾਂਚ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਸੱਚਾਈ, ਹੱਕ, ਨਿਆਂ ਅਤੇ ਧਾਰਮਿਕ ਕਦਰਾਂ-ਕੀਮਤਾਂ ਪੈਦਾ ਕੀਤੀਆਂ ਜਾ ਸਕਣ।
ਸ. ਹਰਜੋਤ ਸਿੰਘ ਬੈਂਸ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ, ਦਸਗਰਾਂ ਅਤੇ ਮਾਊਂਟ ਕਾਰਮਲ ਸਕੂਲ, ਜਿੰਦਵੜੀ ਵਿੱਚ ਜਾ ਕੇ ਨੌਵੇਂ ਪਾਤਸ਼ਾਹ ਦੀਆਂ ਸਿੱਖਿਆਵਾਂ, ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਗੁਰੂ ਸਾਹਿਬ ਦੀ ਵਿਰਾਸਤ ਦੀ ਮਹੱਤਤਾ ਬਾਰੇ ਜਾਗਰੂਕ ਕਰਨ।
ਇਸ ਮੌਕੇ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸ.ਜੀ.ਪੀ.ਸੀ. ਤੋਂ ਪ੍ਰਵਾਨ ਕਰਾ ਕੇ ਇਹ ਸਿੱਖਿਆ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 30 ਨਵੰਬਰ, 2025 ਤੱਕ (ਛੁੱਟੀਆਂ ਨੂੰ ਛੱਡ ਕੇ) ਚੱਲਣ ਵਾਲੇ ਇਸ ਸਿੱਖਿਆ ਪ੍ਰੋਗਰਾਮ ਤਹਿਤ ਸਵੇਰ ਦੀ ਸਭਾ ਵਿੱਚ 10-12 ਮਿੰਟ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸ਼ਹਾਦਤ, ਮਾਤਾ ਗੁਜਰੀ ਜੀ ਦੇ ਜੀਵਨ ਅਤੇ ਖਾਲਸਾ ਪੰਥ ਦੀ ਸਿਰਜਣਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਸ਼ੇਸ਼ ਭਾਸ਼ਣ, ਕਵਿਤਾ ਪਾਠ, ਭਾਸ਼ਣ ਮੁਕਾਬਲੇ ਅਤੇ ਇਤਿਹਾਸਕ ਕਿਤਾਬਾਂ ਦੀ ਵੰਡ ਸਬੰਧੀ ਪ੍ਰੋਗਰਾਮ ਉਲੀਕੇ ਗਏ ਹਨ, ਜਿਹਨਾਂ ਦਾ ਉਦੇਸ਼ ਨੌਵੇਂ ਪਾਤਸ਼ਾਹ ਦੀਆਂ ਸਿੱਖਿਆਵਾਂ ਤੇ ਕਦਰਾਂ-ਕੀਮਤਾਂ ਬਾਰੇ ਨੌਜਵਾਨਾਂ ਵਿੱਚ ਡੂੰਘੀ ਸੂਝ ਪੈਦਾ ਕਰਨਾ ਹੈ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਪਹਿਲ ਤਹਿਤ ਇਤਿਹਾਸ ਦੀ ਸੂਝ ਦੇਣ ਦੇ ਨਾਲ ਨਾਲ ਨੌਜਵਾਨਾਂ ਵਿੱਚ ਚਰਿੱਤਰ ਨਿਰਮਾਣ ਅਤੇ ਉੱਚ ਮਾਨਵੀ ਕਦਰਾਂ-ਕੀਮਤਾਂ ਪੈਦਾ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਭਾਈਚਾਰਿਆਂ ਤੋਂ ਪਰੇ ਮਾਨਵਤਾ ਅਤੇ ਧਾਰਮਿਕ ਏਕਤਾ ਦਾ ਚਾਨਣ ਮੁਨਾਰਾ ਹੈ ਅਤੇ ਨਵੀਂ ਪੀੜ੍ਹੀ ਲਈ ਉਨ੍ਹਾਂ ਦੀ ਬਹਾਦਰੀ ਅਤੇ ਸ਼ਹਾਦਤ ਦੀ ਵਿਰਾਸਤ ਨੂੰ ਸਮਝਣਾ ਅਤੇ ਅਪਣਾਉਣਾ ਬੇਹੱਦ ਜ਼ਰੂਰੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਜੀਵਨ ਦੇ ਇੱਕ ਅਜਿਹੇ ਫਲਸਫੇ ਨੂੰ ਉਤਸ਼ਾਹਿਤ ਕਰਨਾ ਹੈ ਜੋ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਅਤੇ ਬਿਹਤਰ ਇਨਸਾਨ ਬਣਾਉਂਦਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਰਪਣ ਅਤੇ ਸਤਿਕਾਰ ਨਾਲ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ।
The post ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ Guru Tegh Bahadur ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.







