Patti News: ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਵੱਡੇ ਧਮਾਕੇ ਹੋ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਆਮ ਆਦਮੀ ਪਾਰਟੀ (AAP Punjab) ਨੂੰ 7 ਰਾਜ ਸਭਾ ਮੈਂਬਰਾਂ ਨੇ ਅਲਵਿਦਾ ਕਹਿ ਦਿੱਤਾ। ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, ਪੱਟੀ ਹਲਕੇ ‘ਚ ਵੀ ਪਾਰਟੀ ਲਈ ਨਵੀਂਆਂ ਮੁਸੀਬਤਾਂ ਖੜ੍ਹੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਸਰਪੰਚਾਂ, ਪੰਚਾ, ਚੇਅਰਮੈਨਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਨੇ ਕੀਤਾ ਵੱਡਾ ਐਲਾਨ
ਜਾਣਕਾਰੀ ਮੁਤਾਬਕ ਹਲਕੇ ਨਾਲ ਸਬੰਧਤ ਦਰਜਨ ਦੇ ਕਰੀਬ ਸਰਪੰਚਾਂ, ਪੰਚਾ, ਚੇਅਰਮੈਨਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਨੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਹਮਦਰਦੀ ਨਾ ਜਤਾਏ ਜਾਣ ’ਤੇ ਪਾਰਟੀ ਨਾਲ ਨਰਾਜ਼ਗੀ ਪ੍ਰਗਟ ਕਰਦਿਆਂ ਪੰਜ ਦਿਨਾਂ ਦਾ ਅਲਟੀਮੇਟਮ ਦੇ ਕੇ ਸਮੂਹਕ ਅਸਤੀਫਿਆਂ ਦੀ ਚਿਤਾਵਨੀ ਦਿੱਤੀ ਹੈ। ਇਹ ਚਿਤਾਵਨੀ ਉਕਤ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਅਤੇ ਸੋਮਵਾਰ ਨੂੰ ਇਕ ਤੋਂ ਬਾਅਦ ਇਕ ਕਈ ਆਗੂਆਂ ਦੀਆਂ ਪੋਸਟਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ, ਜਿਸ ਨੇ ਸਿਆਸੀ ਫਿਜ਼ਾਵਾਂ ‘ਚ ਨਵੀਂ ਬੇਚੈਨੀ ਪੈਦਾ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਲ ਹੀ ਵਿੱਚ ਅੰਮ੍ਰਿਤਸਰ ਦੌਰੇ ‘ਤੇ ਆਏ ਸਨ, ਪਰ ਉਹ ਵੀ ਡੀਐੱਮ ਰੰਧਾਵਾ ਦੇ ਘਰ ਅਫਸੋਸ ਕਰਨ ਨਹੀਂ ਗਏ, ਜਿਸ ਕਾਰਨ ਪਾਰਟੀ ਵਰਕਰਾਂ ‘ਚ ਨਾਰਾਜ਼ਗੀ ਹੋਰ ਵਧ ਗਈ ਹੈ। ਆਗੂਆਂ ਨੇ ਇਸ ਗੱਲ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਹੋਰ ਸਾਰੀਆਂ ਪਾਰਟੀਆਂ ਦੇ ਆਗੂ ਦੁੱਖ ਸਾਂਝਾ ਕਰਨ ਪਹੁੰਚੇ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇਹ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ।
10 ਪਿੰਡਾਂ ਦੀਆਂ ਪੰਚਾਇਤਾਂ ਦੇਣਗੀਆਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ
ਇੱਥੇ ਜ਼ਿਕਰਯੋਗ ਹੈ ਕਿ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ‘ਚ ਪੱਟੀ ਹਲਕੇ ਨਾਲ ਸਬੰਧਤ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੇਲ੍ਹ ‘ਚ ਬੰਦ ਹਨ। ਆਪ ਆਗੂਆਂ ਨੇ ਆਪੋ-ਆਪਣੇ ਸੋਸ਼ਲ ਮੀਡੀਆਂ ਖਾਤਿਆਂ ’ਤੇ ਪੋਸਟਾਂ ਪਾ ਕੇ ਸਾਫ ਕੀਤਾ ਕਿ ਜੇਕਰ ਪੰਜ ਦਿਨਾਂ ਅੰਦਰ ਪਾਰਟੀ ਦੀ ਵੱਡੀ ਲੀਡਰਸ਼ਿਪ ਡੀਐੱਮ ਰੰਧਾਵਾ ਦੇ ਪਰਿਵਾਰ ਨਾਲ ਮਿਲ ਕੇ ਅਫਸੋਸ ਪ੍ਰਗਟ ਨਹੀਂ ਕਰਦੀ ਤਾਂ ਇਸਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ 10 ਪਿੰਡਾਂ ਦੀਆਂ ਪੰਚਾਇਤਾਂ ਇਕੱਠਿਆਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਗੀਆਂ।
ਹੋਰ ਪੜ੍ਹੋ









