Jalandhar Murder News : ਜਲੰਧਰ ਦੇ ਲਾਂਬੜਾ ਇਲਾਕੇ ਵਿੱਚ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਤੀ ਨੇ ਆਪਣੀ ਪਤਨੀ ਦੇ ਸਿਰ ‘ਤੇ ਰੋਟੀ ਬਣਾਉਣ ਵਾਲੇ ਲੋਹੇ ਦੇ ਤਵੇ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ। ਹਮਲਾ ਇੰਨਾ ਭਿਆਨਕ ਸੀ ਕਿ ਔਰਤ ਦੀਆਂ ਅੱਖਾਂ ਤੱਕ ਬਾਹਰ ਆ ਗਈਆਂ ਅਤੇ ਉਸਦੀ ਮੌਕੇ ‘ਤੇ ਹੀ ਤੜਫ਼-ਤੜਫ਼ ਕੇ ਮੌਤ ਹੋ ਗਈ।
ਮ੍ਰਿਤਕ ਮਹਿਲਾ ਦੀ ਪਛਾਣ 48 ਸਾਲਾ ਸੀਤਾ ਦੇਵੀ ਵਜੋਂ ਹੋਈ ਹੈ, ਜਦਕਿ ਆਰੋਪੀ ਪਤੀ ਦੀ ਪਛਾਣ 55 ਸਾਲਾ ਸੰਤੋਸ਼ ਵਿਸ਼ਵਕਰਮਾ ਵਜੋਂ ਹੋਈ ਹੈ। ਦੋਵੇਂ ਨੇਪਾਲ ਦੇ ਰਹਿਣ ਵਾਲੇ ਸਨ ਅਤੇ ਕਰੀਬ 10 ਤੋਂ 15 ਦਿਨ ਪਹਿਲਾਂ ਹੀ ਜਲੰਧਰ ਦੇ ਸਾਗਰ ਐਨਕਲੇਵ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਆਏ ਸਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਆਰੋਪੀ ਖੁਦ ਥਾਣੇ ਗਿਆ ਅਤੇ ਪੁਲਿਸ ਨੂੰ ਕਿਹਾ, “ਮੈਂ ਆਪਣੀ ਪਤਨੀ ਦਾ ਮਰਡਰ ਕਰ ਦਿੱਤਾ ਹੈ, ਮੈਨੂੰ ਗ੍ਰਿਫ਼ਤਾਰ ਕਰ ਲਵੋ।” ਹਾਲਾਂਕਿ, ਏਐਸਆਈ ਬਲਵੀਰ ਸਿੰਘ ਨੇ ਕਿਹਾ ਕਿ ਆਰੋਪੀ ਅਜੇ ਫਰਾਰ ਹੈ ਅਤੇ ਥਾਣੇ ਨਹੀਂ ਆਇਆ ਸੀ। ਪੁਲਿਸ ਨੇ ਦੱਸਿਆ ਕਿ ਸੰਤੋਸ਼ ਵਿਸ਼ਵਕਰਮਾ ਖ਼ਿਲਾਫ਼ ਪਹਿਲਾਂ ਵੀ ਨੇਪਾਲ ਵਿੱਚ ਕਤਲ ਦਾ ਕੇਸ ਦਰਜ ਹੈ।
ਮੋਬਾਈਲ ‘ਚ ਵਿਅਸਤ ਸੀ ਪੁੱਤਰ, ਉੱਧਰ ਹੋ ਗਿਆ ਕਤਲ
ਥਾਣਾ ਇੰਚਾਰਜ ਮੁਤਾਬਕ ਐਤਵਾਰ ਨੂੰ ਸੰਤੋਸ਼ ਘਰ ਆਇਆ ਹੋਇਆ ਸੀ। ਵੱਡਾ ਪੁੱਤਰ ਕੰਮ ‘ਤੇ ਚਲਾ ਗਿਆ ਸੀ, ਜਦਕਿ ਛੋਟਾ ਪੁੱਤਰ ਹੇਠਾਂ ਮੋਬਾਈਲ ਵਿੱਚ ਵਿਅਸਤ ਸੀ। ਇਸ ਦੌਰਾਨ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਗੁੱਸੇ ਵਿੱਚ ਆਏ ਸੰਤੋਸ਼ ਨੇ ਤਵੇ ਨਾਲ ਪਤਨੀ ਦੇ ਸਿਰ ‘ਤੇ ਕਈ ਵਾਰ ਕੀਤੇ, ਜਿਸ ਕਾਰਨ ਉਸਦੀ ਮੌਤ ਹੋ ਗਈ। ਹਾਲਾਂਕਿ ਝਗੜੇ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ।
ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ‘ਤੇ ਉੱਠੇ ਸਵਾਲ
ਘਟਨਾ ਤੋਂ ਬਾਅਦ ਇਲਾਕੇ ਵਿੱਚ ਪ੍ਰਵਾਸੀ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਸਥਾਨਕ ਨਿਵਾਸੀ ਅਤੇ ਬਸਪਾ ਜ਼ਿਲ੍ਹਾ ਕੋਆਰਡੀਨੇਟਰ ਵਿਜੇ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਪੁਲਿਸ ਨੂੰ ਕਾਲੋਨੀ ਵਿੱਚ ਕਿਰਾਏਦਾਰਾਂ ਦੀ ਜਾਂਚ ਕਰਨ ਲਈ ਕਿਹਾ ਸੀ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਪੁਲਿਸ ਜਾਂਚ ‘ਚ ਜੁਟੀ
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਕਰਤਾਰਪੁਰ ਅਤੇ ਲਾਂਬੜਾ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਮਕਾਨ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਬਿਨਾਂ ਪਛਾਣ ਪੱਤਰ ਅਤੇ ਪੁਲਿਸ ਵੈਰੀਫਿਕੇਸ਼ਨ ਦੇ ਕਮਰਾ ਕਿਵੇਂ ਕਿਰਾਏ ‘ਤੇ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਦੀ ਲੋਕੇਸ਼ਨ ਟ੍ਰੇਸ ਕਰ ਲਈ ਗਈ ਹੈ ਅਤੇ ਉਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹੋਰ ਪੜ੍ਹੋ








