Jalandhar Roommate Murder : ਜਲੰਧਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਥੋੜ੍ਹੇ ਜਿਹੇ ਪੈਸਿਆਂ ਦੇ ਵਿਵਾਦ ਵਿੱਚ ਇੱਕ ਦੋਸਤ ਨੇ ਆਪਣੇ ਹੀ ਰੂਮਮੇਟ ਅਤੇ ਕਰੀਬੀ ਸਾਥੀ ਦਾ ਕਤਲ ਕਰ ਦਿੱਤਾ। ਇਹ ਘਟਨਾ ਸੰਤੋਖਪੁਰਾ ਦੇ ਸਰਾਭਾ ਨਗਰ ਇਲਾਕੇ ਦੀ ਹੈ।
ਜਾਣਕਾਰੀ ਮੁਤਾਬਕ ਸ਼ਰਾਬ ਦੇ ਨਸ਼ੇ ਵਿੱਚ ਦੋਸਤਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤਕਰਾਰ ਹੋ ਗਈ। ਵੇਖਦੇ ਹੀ ਵੇਖਦੇ ਝਗੜਾ ਇੰਨਾ ਵੱਧ ਗਿਆ ਕਿ ਆਰੋਪੀ ਨੇ ਕੋਲ ਪਿਆ ਪ੍ਰੈਸ਼ਰ ਕੁੱਕਰ ਚੁੱਕ ਕੇ ਪੀੜਤ ਦੇ ਸਿਰ ‘ਤੇ ਜ਼ੋਰਦਾਰ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ।
ਇੱਕੋ ਕਮਰੇ ਵਿੱਚ ਰਹਿੰਦੇ ਸਨ ਦੋਵੇਂ
ਮ੍ਰਿਤਕ ਦੀ ਪਹਿਚਾਣ ਪ੍ਰਦੀਪ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਫੈਜ਼ਾਬਾਦ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਸਰਾਭਾ ਨਗਰ ਵਿੱਚ ਰਹਿ ਰਿਹਾ ਸੀ। ਆਰੋਪੀ ਦੀ ਪਹਿਚਾਣ ਰਾਜੇਸ਼ ਵਜੋਂ ਹੋਈ ਹੈ , ਜੋ ਕਿ ਉਸੇ ਇਲਾਕੇ ਦਾ ਰਹਿਣ ਵਾਲਾ ਹੈ। ਦੋਵੇਂ ਨਾ ਸਿਰਫ਼ ਗੂੜ੍ਹੇ ਦੋਸਤ ਸਨ, ਸਗੋਂ ਇੱਕੋ ਫੈਕਟਰੀ ਵਿੱਚ ਕੰਮ ਵੀ ਕਰਦੇ ਸਨ। ਖਰਚਾ ਬਚਾਉਣ ਲਈ ਦੋਵਾਂ ਨੇ ਇੱਕੋ ਕਮਰਾ ਕਿਰਾਏ ‘ਤੇ ਲਿਆ ਹੋਇਆ ਸੀ ਅਤੇ ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਸਨ।
ਨਸ਼ੇ ਵਿੱਚ ਹੋਇਆ ਝਗੜਾ
ਘਟਨਾ ਵਾਲੀ ਰਾਤ ਦੋਵਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ। ਪੁਲਿਸ ਜਾਂਚ ਮੁਤਾਬਕ ਨਸ਼ੇ ਦੀ ਹਾਲਤ ਵਿੱਚ ਪੁਰਾਣੇ ਪੈਸਿਆਂ ਦੇ ਹਿਸਾਬ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਦੋਵੇਂ ਆਪਣਾ ਗੁੱਸਾ ਕਾਬੂ ਨਾ ਕਰ ਸਕੇ ਅਤੇ ਮਾਮਲਾ ਹਿੰਸਕ ਰੂਪ ਧਾਰ ਗਿਆ। ਗੁੱਸੇ ਵਿੱਚ ਆ ਕੇ ਰਾਜੇਸ਼ ਨੇ ਕਮਰੇ ਵਿੱਚ ਪਿਆ ਕੁੱਕਰ ਚੁੱਕ ਕੇ ਪ੍ਰਦੀਪ ਦੇ ਸਿਰ ‘ਤੇ ਮਾਰ ਦਿੱਤਾ। ਵਾਰ ਇੰਨਾ ਜ਼ੋਰਦਾਰ ਸੀ ਕਿ ਪ੍ਰਦੀਪ ਦੇ ਸਿਰ ਵਿੱਚੋਂ ਬਹੁਤ ਖੂਨ ਵਹਿਣ ਲੱਗ ਪਿਆ ਅਤੇ ਉਹ ਜ਼ਮੀਨ ‘ਤੇ ਡਿੱਗ ਪਿਆ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ
ਘਟਨਾ ਦੀ ਸੂਚਨਾ ਮਿਲਦੇ ਹੀ PCR-16 ਦੇ ASI ਸਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਪ੍ਰਦੀਪ ਨੂੰ ਹਸਪਤਾਲ ਭੇਜਿਆ ਪਰ ਗੰਭੀਰ ਚੋਟਾਂ ਕਾਰਨ ਉਸਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਡਾਕਟਰਾਂ ਨੇ ਹਸਪਤਾਲ ਪਹੁੰਚਦੇ ਹੀ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਆਰੋਪੀ ਗ੍ਰਿਫ਼ਤਾਰ
ਸਟੇਸ਼ਨ 8 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਰਾਜੇਸ਼ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਕਿੰਨੇ ਪੈਸਿਆਂ ਦੇ ਵਿਵਾਦ ਕਾਰਨ ਇਹ ਖੌਫਨਾਕ ਕਤਲ ਹੋਇਆ।
ਹੋਰ ਪੜ੍ਹੋ










