Sangrur ਸੜਕ ਹਾਦਸੇ ‘ਚ ਨੂਹ ਦੀ ਮੌਤ, ਸੱਸ ਪਟਿਆਲਾ ਰੈਫਰ, ਸਕੂਟੀ ‘ਤੇ ਆਉਂਦਿਆਂ ਵਾਪਰਿਆ ਹਾਦਸਾ

 Sangrur ਸੜਕ ਹਾਦਸੇ ‘ਚ ਨੂਹ ਦੀ ਮੌਤ, ਸੱਸ ਪਟਿਆਲਾ ਰੈਫਰ, ਸਕੂਟੀ ‘ਤੇ ਆਉਂਦਿਆਂ ਵਾਪਰਿਆ ਹਾਦਸਾ


Sangrur Road Accident : ਸੰਗਰੂਰ ਜ਼ਿਲ੍ਹੇ ਵਿੱਚ ਅੱਜ (ਵੀਰਵਾਰ) ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ। ਭਵਾਨੀਗੜ੍ਹ-ਸੰਗਰੂਰ ਹਾਈਵੇ ‘ਤੇ ਪਿੰਡ ਫੱਗੂਵਾਲਾ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਸਵਾਰ ਸੱਸ-ਨੂਹ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਨੂਹ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਸੱਸ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਨਾਜ਼ੁਕ ਹਾਲਤ ਵਿੱਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ।

ਹਾਈਵੇ ਦੇ ਕੱਟ ਨੇੜੇ ਟਰੱਕ ਨੇ ਮਾਰੀ ਟੱਕਰ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਗਾਂਧੀ ਨਗਰ ਦੀ ਰਹਿਣ ਵਾਲੀ ਪਰਮਜੀਤ ਕੌਰ (ਪਤਨੀ ਜੋਗਿੰਦਰ ਰਾਮ) ਆਪਣੀ ਨੂਹ ਮਨਜੀਤ ਕੌਰ (ਪਤਨੀ ਸੋਨੂ ਕੁਮਾਰ) ਨਾਲ ਸਕੂਟੀ ‘ਤੇ ਭਵਾਨੀਗੜ੍ਹ ਤੋਂ ਸੰਗਰੂਰ ਵੱਲ ਆ ਰਹੀ ਸੀ। ਜਿਵੇਂ ਹੀ ਉਹ ਪਿੰਡ ਫੱਗੂਵਾਲਾ ਨੇੜੇ ਹਾਈਵੇ ‘ਤੇ ਬਣੇ ਕੱਟ ਕੋਲ ਪਹੁੰਚੀਆਂ ਤਾਂ ਪਿੱਛੋਂ ਆ ਰਹੇ ਇੱਕ ਬੇਕਾਬੂ ਤੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਔਰਤਾਂ ਸੜਕ ‘ਤੇ ਦੂਰ ਜਾ ਡਿੱਗੀਆਂ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।

ਹਾਦਸੇ ਤੋਂ ਤੁਰੰਤ ਬਾਅਦ ਉਥੋਂ ਲੰਘ ਰਹੇ ਸੰਗਰੂਰ ਦੇ ਐਸਪੀ ਨਵਰੀਤ ਸਿੰਘ ਤੂਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ। ਸੜਕ ‘ਤੇ ਤੜਫ਼ ਰਹੀਆਂ ਦੋਵੇਂ ਜ਼ਖ਼ਮੀ ਔਰਤਾਂ ਨੂੰ ਦੇਖ ਕੇ ਉਨ੍ਹਾਂ ਨੇ ਆਪਣੀ ਸਰਕਾਰੀ ਗੱਡੀ ਰੁਕਵਾਈ। ਐਂਬੂਲੈਂਸ ਦੀ ਉਡੀਕ ਕਰਨ ਦੀ ਬਜਾਏ ਉਨ੍ਹਾਂ ਨੇ ਦੋਵੇਂ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾਇਆ ਅਤੇ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ।

ਹਸਪਤਾਲ ਵਿੱਚ ਨੂਹ ਨੇ ਤੋੜਿਆ ਦਮ, ਸੱਸ ਦੀ ਹਾਲਤ ਨਾਜ਼ੁਕ

ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਮਨਜੀਤ ਕੌਰ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਗੰਭੀਰ ਅੰਦਰੂਨੀ ਸੱਟਾਂ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ, ਪਰਮਜੀਤ ਕੌਰ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਬਿਹਤਰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਪੁਲਿਸ ਨੇ ਸ਼ੁਰੂ ਕੀਤੀ ਕਾਨੂੰਨੀ ਕਾਰਵਾਈ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਰਾਰ ਟਰੱਕ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



Source link