Amritsar News : ਅੰਮ੍ਰਿਤਸਰ ਦੇ ਲੋਪੋਕੇ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਭੁੱਲਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ‘ਤੇ ਆਰੋਪ ਲੱਗਾ ਹੈ ਕਿ ਉਹ ਵਿਦੇਸ਼ (ਜਰਮਨੀ) ਤੋਂ ਵਾਪਸ ਆਉਣ ਤੋਂ ਬਾਅਦ ਆਪਣੇ ਪਤੀ ਨੂੰ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਗਈ ਅਤੇ ਫਿਰ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ, ਪਾਸਪੋਰਟ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਪਤਨੀ ਅਤੇ ਉਸਦੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਭੁੱਲਰ ਦੇ ਰਹਿਣ ਵਾਲੇ ਪੀੜਤ ਸੁਖਬੀਰ ਸਿੰਘ ਨੇ ਲੋਪੋਕੇ ਥਾਣਾ ਪੁਲਿਸ ਅਤੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ 22 ਜਨਵਰੀ 2021 ਨੂੰ ਪਿੰਡ ਢਾਲਾਂ ਨੌਸ਼ਹਿਰਾ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਨਾਲ ਹੋਇਆ ਸੀ। ਉਸ ਨੇ ਆਪਣੀ ਪਤਨੀ ਨੂੰ ਚੰਗੇ ਭਵਿੱਖ ਅਤੇ ਕਮਾਈ ਲਈ ਜਰਮਨੀ (ਬਰਲਿਨ) ਭੇਜਣ ਵਾਸਤੇ ਆਪਣਾ ਘਰ ਤੱਕ ਵੇਚ ਦਿੱਤਾ ਸੀ ਅਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਸਨ।
ਅਰਸ਼ਦੀਪ ਕੌਰ ਸਾਲ 2022 ਵਿੱਚ ਬਰਲਿਨ ਚਲੀ ਗਈ ਸੀ ਪਰ ਉੱਥੇ ਜਾਣ ਤੋਂ ਬਾਅਦ ਉਸ ਦੇ ਰਵੱਈਏ ਵਿੱਚ ਬਦਲਾਅ ਆ ਗਿਆ ਅਤੇ ਉਹ ਸੁਖਬੀਰ ਤੋਂ ਤਲਾਕ ਦੀ ਮੰਗ ਕਰਨ ਲੱਗੀ।
CCTV ਬੰਦ ਕਰਕੇ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾਉਣ ਦਾ ਆਰੋਪ
ਸ਼ਿਕਾਇਤ ਮੁਤਾਬਕ ਅਰਸ਼ਦੀਪ ਕੌਰ 16 ਜੁਲਾਈ ਨੂੰ ਵਿਦੇਸ਼ ਤੋਂ ਵਾਪਸ ਆਪਣੇ ਸਹੁਰੇ ਘਰ ਪਿੰਡ ਭੁੱਲਰ ਆਈ ਸੀ। ਕੁਝ ਦਿਨਾਂ ਬਾਅਦ ਉਸ ਦੀ ਮਾਂ ਰਾਜਵਿੰਦਰ ਕੌਰ, ਪਿਤਾ ਦੀਦਾਰ ਸਿੰਘ ਅਤੇ ਭਰਾ ਜਰਮਨਜੀਤ ਸਿੰਘ ਵੀ ਉੱਥੇ ਪਹੁੰਚ ਗਏ। ਆਰੋਪ ਹੈ ਕਿ 26 ਜੁਲਾਈ ਦੀ ਰਾਤ ਨੂੰ ਸਾਰਿਆਂ ਨੇ ਮਿਲ ਕੇ ਸਾਜ਼ਿਸ਼ ਤਹਿਤ ਘਰ ਦੇ CCTV ਕੈਮਰੇ ਬੰਦ ਕਰ ਦਿੱਤੇ ਅਤੇ ਸੁਖਬੀਰ ਸਿੰਘ ਦੇ ਖਾਣੇ ਵਿੱਚ ਕੋਈ ਜ਼ਹਿਰੀਲਾ ਜਾਂ ਤੇਜ਼ ਨਸ਼ੀਲਾ ਪਦਾਰਥ ਮਿਲਾ ਦਿੱਤਾ। ਖਾਣਾ ਖਾਣ ਤੋਂ ਬਾਅਦ ਸੁਖਬੀਰ ਬੇਹੋਸ਼ ਹੋ ਗਿਆ।
₹4.60 ਲੱਖ ਨਕਦ, ਗਹਿਣੇ, ਲੈਪਟਾਪ ਅਤੇ ਪਾਸਪੋਰਟ ਲੈ ਕੇ ਫਰਾਰ
ਅਗਲੇ ਦਿਨ ਜਦੋਂ ਸੁਖਬੀਰ ਸਿੰਘ ਨੂੰ ਹੋਸ਼ ਆਇਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਨੇ ਦੇਖਿਆ ਕਿ ਉਸ ਦੀ ਪਤਨੀ ਅਰਸ਼ਦੀਪ ਕੌਰ ਘਰ ਵਿੱਚ ਰੱਖੀ ₹4.60 ਲੱਖ ਦੀ ਨਕਦੀ, ਸੋਨੇ ਦੇ ਕੀਮਤੀ ਗਹਿਣੇ, ਪਾਸਪੋਰਟ, ਲੈਪਟਾਪ ਅਤੇ ਹੋਰ ਜ਼ਰੂਰੀ ਸਾਮਾਨ ਲੈ ਕੇ ਰਾਤੋ-ਰਾਤ ਫਰਾਰ ਹੋ ਚੁੱਕੀ ਸੀ।
ਪੁਲਿਸ ਨੇ ਮਾਮਲਾ ਦਰਜ ਕੀਤਾ, ਦੋਸ਼ੀਆਂ ਦੀ ਭਾਲ ਜਾਰੀ
ਮਾਮਲੇ ਦੀ ਜਾਂਚ ਕਰ ਰਹੇ ASI ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਸੁਖਬੀਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਰਸ਼ਦੀਪ ਕੌਰ, ਉਸ ਦੀ ਮਾਂ ਰਾਜਵਿੰਦਰ ਕੌਰ ਅਤੇ ਭਰਾ ਜਰਮਨਜੀਤ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 61(2), 305 ਅਤੇ 331(4) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ ਅਤੇ ਸੰਭਾਵਿਤ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।








