Sangrur Minor Girl Rape : ਸੰਗਰੂਰ ਜ਼ਿਲ੍ਹੇ ਦੇ ਥਾਣਾ ਲਹਿਰਾ ਖੇਤਰ ਅਧੀਨ ਆਉਂਦੇ ਇੱਕ ਇਲਾਕੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਘਰ ਵਿੱਚ ਕੰਮ ਕਰਨ ਗਈ ਨਾਬਾਲਿਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਮੁਲਜ਼ਮ ਨੌਜਵਾਨ ਨੂੰ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਘਿਨਾਉਣੀ ਵਾਰਦਾਤ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਪੀੜਤਾ ਵਿੱਚ ਗਰਭਵਤੀ ਹੋਣ ਦੇ ਲੱਛਣ ਸਾਹਮਣੇ ਆਏ। ਪੁਲਿਸ ਨੇ ਪੀੜਤਾ ਦੀ ਸੁਰੱਖਿਆ ਅਤੇ ਕਾਨੂੰਨੀ ਗੋਪਨੀਯਤਾ ਦਾ ਪੂਰਾ ਧਿਆਨ ਰੱਖਦਿਆਂ ਪੋਕਸੋ (POCSO) ਅਤੇ BNS ਦੀਆਂ ਗੰਭੀਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ।
ਡਰ ਕਾਰਨ ਚੁੱਪ ਰਹੀ ਪੀੜਤਾ, ਬਾਅਦ ਵਿੱਚ ਹੋਇਆ ਖੁਲਾਸਾ
ਪ੍ਰਾਪਤ ਜਾਣਕਾਰੀ ਮੁਤਾਬਕ ਨਾਬਾਲਿਗ ਲੜਕੀ ਕੁਝ ਸਮਾਂ ਪਹਿਲਾਂ ਇੱਕ ਘਰ ਵਿੱਚ ਕੰਮ ਕਰਨ ਲਈ ਗਈ ਸੀ। ਆਰੋਪ ਹੈ ਕਿ ਉੱਥੇ ਮੌਜੂਦ ਇੱਕ ਨੌਜਵਾਨ ਨੇ ਉਸ ਨੂੰ ਇਕੱਲੀ ਪਾ ਕੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਕਿਸੇ ਨੂੰ ਵੀ ਇਸ ਬਾਰੇ ਦੱਸਣ ਤੋਂ ਡਰਾਇਆ-ਧਮਕਾਇਆ। ਲੋਕ-ਲਾਜ ਅਤੇ ਮੁਲਜ਼ਮ ਦੀ ਧਮਕੀ ਦੇ ਡਰ ਕਾਰਨ ਪੀੜਤਾ ਨੇ ਸ਼ੁਰੂ ਵਿੱਚ ਇਸ ਖੌਫਨਾਕ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ। ਕੁਝ ਮਹੀਨੇ ਬੀਤਣ ਤੋਂ ਬਾਅਦ ਜਦੋਂ ਲੜਕੀ ਦੀ ਸਰੀਰਕ ਹਾਲਤ ਵਿੱਚ ਬਦਲਾਅ ਆਇਆ ਅਤੇ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਰੋਂਦਿਆਂ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਦੱਸੀ।
ਪਰਿਵਾਰ ਨੇ ਕੀਤੀ ਸ਼ਿਕਾਇਤ, ਪੁਲਿਸ ਨੇ ਕੀਤੀ ਤੁਰੰਤ ਕਾਰਵਾਈ
ਜਿਵੇਂ ਹੀ ਪਰਿਵਾਰ ਨੂੰ ਇਸ ਦਰਦਨਾਕ ਘਟਨਾ ਬਾਰੇ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਥਾਣਾ ਲਹਿਰਾ ਪੁਲਿਸ ਨਾਲ ਸੰਪਰਕ ਕੀਤਾ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਥਾਣਾ ਲਹਿਰਾ ਦੇ ਐੱਸਐੱਚਓ ਜਸਕਰਨ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੇ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਤੁਰੰਤ ਕਾਰਵਾਈ ਕਰਦਿਆਂ ਨਾਮਜ਼ਦ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੇ ਹਰ ਕਾਨੂੰਨੀ ਅਤੇ ਮੈਡੀਕਲ ਪੱਖ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
