Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ


Barnala News : ਬਰਨਾਲਾ-ਮਾਨਸਾ ਨੈਸ਼ਨਲ ਹਾਈਵੇ ’ਤੇ ਹੰਡਿਆਇਆ ਨੇੜੇ ਬੀਤੀ ਰਾਤ ਕਰੀਬ ਸਾਢੇ 9 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ 22 ਸਾਲਾ ਨੌਜਵਾਨ ਹਰਮਲ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਮਨਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਕਾਰ ਵਿੱਚ ਸਵਾਰ ਤੀਜਾ ਨੌਜਵਾਨ ਹਰਪ੍ਰੀਤ ਸਿੰਘ ਵਾਲ-ਵਾਲ ਬਚ ਗਿਆ।

ਜਾਣਕਾਰੀ ਮੁਤਾਬਕ ਤਿੰਨੇ ਦੋਸਤ ਸ਼ਾਪਿੰਗ ਕਰਨ ਤੋਂ ਬਾਅਦ ਆਲਟੋ ਕਾਰ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਰੁੜੇਕੇ ਕਲਾਂ ਵਾਪਸ ਜਾ ਰਹੇ ਸਨ। ਇਸ ਦੌਰਾਨ ਮਾਨਸਾ ਵੱਲੋਂ ਬਰਨਾਲਾ ਆ ਰਹੀ ਪਰਾਲੀ ਨਾਲ ਭਰੀ ਇੱਕ ਓਵਰਲੋਡ ਟਰੈਕਟਰ-ਟਰਾਲੀ ਨੇ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਟਰੈਕਟਰ-ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹਾਈਵੇ ਤੋਂ ਲੰਘ ਰਹੇ ਰਾਹਗੀਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਰ ਵਿੱਚ ਫਸੇ ਤਿੰਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ। ਸਥਾਨਕ ਲੋਕਾਂ ਦਾ ਆਰੋਪ ਹੈ ਕਿ ਉਨ੍ਹਾਂ ਨੇ ਕਈ ਵਾਰ ਸੜਕ ਸੁਰੱਖਿਆ ਫੋਰਸ ਅਤੇ ਐਂਬੂਲੈਂਸ ਨੂੰ ਫੋਨ ਕੀਤਾ, ਪਰ ਕਰੀਬ 25 ਮਿੰਟ ਤੱਕ ਕੋਈ ਮਦਦ ਮੌਕੇ ’ਤੇ ਨਹੀਂ ਪਹੁੰਚੀ।

ਇਸ ਤੋਂ ਬਾਅਦ ਲੋਕਾਂ ਨੇ ਜ਼ਖਮੀਆਂ ਨੂੰ ਨਿੱਜੀ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਹਾਦਸੇ ਵਿੱਚ ਗੰਭੀਰ ਜ਼ਖਮੀ ਕਾਰ ਚਾਲਕ ਹਰਮਲ ਸਿੰਘ ਦੀ ਇਲਾਜ ਤੋਂ ਪਹਿਲਾਂ ਹੀ ਮੌਤ ਹੋ ਗਈ। ਉੱਥੇ ਹੀ ਮਨਪ੍ਰੀਤ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਰਨਾਲਾ ਤੋਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਤੀਜਾ ਨੌਜਵਾਨ ਹਰਪ੍ਰੀਤ ਸਿੰਘ ਸੁਰੱਖਿਅਤ ਦੱਸਿਆ ਜਾ ਰਿਹਾ ਹੈ।

ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਸੜਕ ਸੁਰੱਖਿਆ ਫੋਰਸ ਅਤੇ ਐਂਬੂਲੈਂਸ ਦੇ ਦੇਰੀ ਨਾਲ ਪਹੁੰਚਣ ਨੂੰ ਲੈ ਕੇ ਕਾਫ਼ੀ ਰੋਸ ਦੇਖਣ ਨੂੰ ਮਿਲਿਆ।

ਇਸ ਮਾਮਲੇ ਸਬੰਧੀ ਹੰਡਿਆਇਆ ਪੁਲਸ ਚੌਕੀ ਦੇ ਇੰਚਾਰਜ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਹਰਮਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰੁੜੇਕੇ ਕਲਾਂ ਦੀ ਮੌਤ ਹੋਈ ਹੈ, ਜਦਕਿ ਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਗੰਭੀਰ ਜ਼ਖਮੀ ਹੈ ਅਤੇ ਉਸ ਦਾ ਇਲਾਜ ਡੀਐੱਮਸੀ ਲੁਧਿਆਣਾ ਵਿਖੇ ਚੱਲ ਰਿਹਾ ਹੈ। ਤੀਜਾ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਸੁਰੱਖਿਅਤ ਬਚ ਗਿਆ ਹੈ।

ਪੁਲਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਟਰੈਕਟਰ ਚਾਲਕ ਖ਼ਿਲਾਫ਼ ਬੀਐੱਨਐੱਸ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਮੁਕੱਦਮਾ ਨੰਬਰ 167 ਦਰਜ ਕਰਕੇ ਮੁਲਜ਼ਮ ਟਰੈਕਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਰਾਲੀ ਨਾਲ ਓਵਰਲੋਡ ਟਰੈਕਟਰ-ਟਰਾਲੀਆਂ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਇਸ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉੱਥੇ ਹੀ ਹਾਦਸੇ ਤੋਂ ਬਾਅਦ ਚਾਲਕ ਦਾ ਮੌਕੇ ਤੋਂ ਫਰਾਰ ਹੋਣਾ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਮ੍ਰਿਤਕ ਹਰਮਲ ਸਿੰਘ ਮਹਿਜ਼ 22 ਸਾਲ ਦਾ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਉਹ ਆਪਣੇ ਪਿੱਛੇ ਮਾਤਾ-ਪਿਤਾ, ਇੱਕ ਵੱਡਾ ਭਰਾ ਅਤੇ ਭੈਣ ਛੱਡ ਗਿਆ ਹੈ।



Source link