Chandigarh News: ਚੋਣਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ, ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ, ਜ਼ਿਲ੍ਹਾ ਬਾਰ ਐਸੋਸੀਏਸ਼ਨ (DBA), ਚੰਡੀਗੜ੍ਹ ਵਿੱਚ ਚੋਣਾਂ ਸਤੰਬਰ ਵਿੱਚ ਹੋਣਗੀਆਂ। ਚੋਣ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਚੋਣਾਂ 11 ਸਤੰਬਰ, 2026 ਨੂੰ ਜ਼ਿਲ੍ਹਾ ਕੋਰਟ ਕੰਪਲੈਕਸ, ਸੈਕਟਰ 43 ਵਿੱਚ ਹੋਣਗੀਆਂ। ਨਾਮਜ਼ਦਗੀਆਂ ਦੀ ਪ੍ਰਕਿਰਿਆ 25 ਅਤੇ 26 ਅਗਸਤ ਨੂੰ ਦਾਖਲ ਕੀਤੀਆਂ ਜਾਣਗੀਆਂ। ਉਮੀਦਵਾਰ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਸਰਵਿਸ ਬਲਾਕ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕਾਰਜਕਾਰੀ ਕਮੇਟੀ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ 27 ਅਗਸਤ ਤੱਕ ਕੀਤੀ ਜਾਵੇਗੀ। ਉਮੀਦਵਾਰ 29 ਅਗਸਤ ਨੂੰ ਦੁਪਹਿਰ 2.15 ਵਜੇ ਤੋਂ ਸ਼ਾਮ 4 ਵਜੇ ਤੱਕ ਲਿਖਤੀ ਰੂਪ ਵਿੱਚ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ।
11 ਸਤੰਬਰ ਨੂੰ ਹੋਵੇਗੀ ਵੋਟਿੰਗ
ਡੀਬੀਏ ਚੰਡੀਗੜ੍ਹ ਦੀਆਂ ਚੋਣਾਂ ਲਈ ਵੋਟਿੰਗ 11 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4.30 ਵਜੇ ਤੱਕ ਹੋਵੇਗੀ। ਵੋਟਿੰਗ ਲਈ ਜ਼ਿਲ੍ਹਾ ਅਦਾਲਤ ਕੰਪਲੈਕਸ, ਸੈਕਟਰ-43 ਦੇ ਸਰਵਿਸ ਬਲਾਕ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਜੈਂਟਸ ਬਾਰ ਰੂਮ ਨੂੰ ਪੋਲਿੰਗ ਸਥਾਨ ਬਣਾਇਆ ਗਿਆ ਹੈ।
ਚੋਣਾਂ ਵਿੱਚ ਪ੍ਰਧਾਨ, ਉਪ ਪ੍ਰਧਾਨ, ਮਹਿਲਾ ਵਕੀਲਾਂ ਲਈ ਰਾਖਵਾਂ ਉਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖਜ਼ਾਨਚੀ, ਮਹਿਲਾ ਵਕੀਲਾਂ ਲਈ ਰਾਖਵਾਂ ਲਾਇਬ੍ਰੇਰੀ ਸਕੱਤਰ ਅਤੇ ਸੀਨੀਅਰ ਤੇ ਜੂਨੀਅਰ ਕਾਰਜਕਾਰੀ ਮੈਂਬਰਾਂ ਦੇ ਅਹੁਦਿਆਂ ਲਈ ਚੋਣ ਹੋਵੇਗੀ। ਸੀਨੀਅਰ ਅਤੇ ਜੂਨੀਅਰ ਕਾਰਜਕਾਰੀ ਮੈਂਬਰਾਂ ਦੀਆਂ ਪੰਜ-ਪੰਜ ਅਸਾਮੀਆਂ ਹੋਣਗੀਆਂ, ਜਿਨ੍ਹਾਂ ਵਿੱਚ ਹਰੇਕ ਸ਼੍ਰੇਣੀ ਦੀਆਂ ਦੋ ਅਸਾਮੀਆਂ ਮਹਿਲਾ ਵਕੀਲਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।
ਨਾਮਜ਼ਦਗੀ ਫੀਸ ਵੀ ਤੈਅ
ਚੋਣ ਕਮੇਟੀ ਵੱਲੋਂ ਜਾਰੀ ਸੂਚਨਾ ਅਨੁਸਾਰ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਫੀਸ 41 ਹਜ਼ਾਰ ਰੁਪਏ, ਉਪ ਪ੍ਰਧਾਨ ਅਹੁਦਿਆਂ ਲਈ 31 ਹਜ਼ਾਰ ਰੁਪਏ, ਸਕੱਤਰ ਲਈ 31 ਹਜ਼ਾਰ ਰੁਪਏ, ਸੰਯੁਕਤ ਸਕੱਤਰ ਅਤੇ ਖਜ਼ਾਨਚੀ ਲਈ 21-21 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਲਾਇਬ੍ਰੇਰੀ ਸਕੱਤਰ ਲਈ 21 ਹਜ਼ਾਰ ਰੁਪਏ, ਸੀਨੀਅਰ ਕਾਰਜਕਾਰੀ ਮੈਂਬਰ ਲਈ 10 ਹਜ਼ਾਰ ਰੁਪਏ ਅਤੇ ਜੂਨੀਅਰ ਕਾਰਜਕਾਰੀ ਮੈਂਬਰ ਲਈ 7,500 ਰੁਪਏ ਨਾਮਜ਼ਦਗੀ ਫੀਸ ਹੋਵੇਗੀ। ਉਮੀਦਵਾਰ 24 ਅਗਸਤ ਤੋਂ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9.30 ਵਜੇ ਤੋਂ ਡੀਬੀਏ ਚੰਡੀਗੜ੍ਹ ਦੇ ਫਰੰਟ ਦਫ਼ਤਰ ਤੋਂ ਨਾਮਜ਼ਦਗੀ ਪੱਤਰ ਪ੍ਰਾਪਤ ਕਰ ਸਕਣਗੇ।
ਚੋਣਾਂ ਲਈ ਚਮਨ ਲਾਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜਦਕਿ ਸੁਨੀਲ ਬਿਲਗਾ, ਮੰਦੀਪ ਕੁਮਾਰ, ਡਾ. ਸੁਸ਼ੀਲਾ ਭਾਰਦਵਾਜ ਅਤੇ ਅਮਰਜੀਤ ਸਿੰਘ ਗੁੱਜਰ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਜ਼ਿੰਮੇਵਾਰੀ ਨਿਭਾਉਣਗੇ।
