Jalalabad Police Station Hand Grenade : ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਸਿਟੀ ਥਾਣੇ ’ਤੇ ਹੈਂਡ ਗ੍ਰਨੇਡ ਸੁੱਟ ਕੇ ਧਮਾਕਾ ਕਰਨ ਦੇ ਸਨਸਨੀਖੇਜ਼ ਮਾਮਲੇ ਵਿੱਚ ਪੁਲਿਸ ਨੇ ਮਹਿਜ਼ 24 ਘੰਟਿਆਂ ਦੇ ਅੰਦਰ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿੱਚ ਇਸਨੂੰ ਆਮ ਧਮਾਕਾ ਮੰਨਿਆ ਜਾ ਰਿਹਾ ਸੀ ਪਰ ਬਾਅਦ ਵਿੱਚ ਪੁਲਿਸ ਦੀ ਤਕਨੀਕੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਥਾਣੇ ਨੂੰ ਨਿਸ਼ਾਨਾ ਬਣਾਉਂਦਿਆਂ ਹੈਂਡ ਗ੍ਰਨੇਡ ਸੁੱਟਿਆ ਗਿਆ ਸੀ।
DIG ਸਨੇਹਦੀਪ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਬੀਤੇ ਦਿਨ ਜਲਾਲਾਬਾਦ ਸਿਟੀ ਥਾਣੇ ਦੇ ਅੰਦਰ ਧਮਾਕਾ ਹੋਇਆ ਸੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਥਾਣੇ ਦੇ ਅੰਦਰ ਖੜ੍ਹੀਆਂ ਦੋ ਪੁਰਾਣੀਆਂ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਫਾਜ਼ਿਲਕਾ ਦੇ SSP ਗਗਨ ਅਜੀਤ ਸਿੰਘ ਦੀ ਦੇਖ-ਰੇਖ ਹੇਠ ਤੁਰੰਤ ਮਾਮਲਾ ਦਰਜ ਕਰਕੇ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਅਤੇ ਮਹਿਜ਼ ਇੱਕ ਦਿਨ ਦੇ ਅੰਦਰ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ, ਪੁੱਤਰ ਗੁਰਬਖ਼ਸ਼ ਸਿੰਘ, ਵਾਸੀ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਅਤੇ ਮਨਪ੍ਰੀਤ ਸਿੰਘ, ਪੁੱਤਰ ਜੋਗਿੰਦਰ ਸਿੰਘ, ਵਾਸੀ ਘੁਬਾਇਆ ਵਜੋਂ ਹੋਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਪੈਦਲ ਹੀ ਚੱਲ ਕੇ ਸਿਟੀ ਥਾਣੇ ਦੇ ਨੇੜੇ ਪਹੁੰਚੇ ਸਨ ਅਤੇ ਥਾਣੇ ਦੇ ਅੰਦਰ ਹੈਂਡ ਗ੍ਰਨੇਡ ਸੁੱਟਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੇ ਹੱਥ ਵਾਰਦਾਤ ਨਾਲ ਸਬੰਧਤ ਕੁਝ ਅਹਿਮ CCTV ਫੁਟੇਜ ਵੀ ਲੱਗੀ ਹੈ, ਜਿਸ ਦੇ ਆਧਾਰ ’ਤੇ ਅੱਗੇ ਦੀਆਂ ਕੜੀਆਂ ਜੋੜੀਆਂ ਜਾ ਰਹੀਆਂ ਹਨ।
ਚੰਦ ਪੈਸਿਆਂ ਦਾ ਲਾਲਚ, ਬਾਕੀ ਮੁਲਜ਼ਮਾਂ ਦੀ ਭਾਲ
DIG ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੂੰ ਇਸ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਲਈ ਸਿਰਫ਼ “ਚੰਦ ਪੈਸਿਆਂ ਦਾ ਲਾਲਚ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਹਾਲੇ ਤੱਕ ਇੱਕ ਵੀ ਰੁਪਇਆ ਨਹੀਂ ਮਿਲਿਆ ਸੀ। ਪੁਲਿਸ ਮੁਤਾਬਕ ਇਸ ਪੂਰੀ ਘਟਨਾ ਦਾ ਮੁੱਖ ਮਕਸਦ ਇਲਾਕੇ ਵਿੱਚ ਦਹਿਸ਼ਤ ਫੈਲਾਉਣਾ ਸੀ।
ਪੁਲਿਸ ਅਨੁਸਾਰ ਇਸ ਪੂਰੇ ਮਾਮਲੇ ਵਿੱਚ ਕੁੱਲ ਪੰਜ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਉਨ੍ਹਾਂ ਨੂੰ ਹੈਂਡ ਗ੍ਰਨੇਡ ਮੁਹੱਈਆ ਕਰਵਾਉਣ ਵਾਲੇ ਮੁੱਖ ਸਪਲਾਇਰਾਂ ਅਤੇ ਬਾਕੀ ਤਿੰਨ ਫਰਾਰ ਮੁਲਜ਼ਮਾਂ ਦੀ ਵੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
