Amritsar News : AAP ਸਰਪੰਚ ਨਾਲ ਦਿਨ-ਦਿਹਾੜੇ ਵੱਡੀ ਘਟਨਾ ,  CCTV ’ਚ ਕੈਦ ਵਾਰਦਾਤ


AAP Sarpanch Snatching : ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਦੋਲਾਹਲ ਵਿੱਚ ਦਿਨ-ਦਿਹਾੜੇ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ (AAP) ਦੀ ਮੌਜੂਦਾ ਮਹਿਲਾ ਸਰਪੰਚ ਅਮਰਜੀਤ ਕੌਰ ਨੂੰ ਨਿਸ਼ਾਨਾ ਬਣਾਇਆ। ਮੁਲਜ਼ਮ ਸਰਪੰਚ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਇਹ ਪੂਰੀ ਘਟਨਾ ਘਰ ਦੇ ਬਾਹਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ।

ਅਮਰਜੀਤ ਕੌਰ ਨੇ ਦੱਸਿਆ ਕਿ ਉਹ ਘਰ ਦੇ ਅੰਦਰ ਮੌਜੂਦ ਸਨ, ਜਦਕਿ ਉਨ੍ਹਾਂ ਦੀ ਪੋਤੀ ਬਾਹਰ ਐਕਟਿਵਾ ਸਾਫ਼ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਘਰ ਦੇ ਬਾਹਰ ਆ ਕੇ ਰੁਕੇ। ਉਨ੍ਹਾਂ ਨੇ ਪੋਤੀ ਨੂੰ ਸਰਪੰਚ ਨੂੰ ਬਾਹਰ ਬੁਲਾਉਣ ਲਈ ਕਿਹਾ।

ਜਿਵੇਂ ਹੀ ਅਮਰਜੀਤ ਕੌਰ ਘਰ ਤੋਂ ਬਾਹਰ ਆਈਆਂ, ਇੱਕ ਨੌਜਵਾਨ ਮੋਟਰਸਾਈਕਲ ’ਤੇ ਖੜ੍ਹਾ ਰਿਹਾ, ਜਦਕਿ ਦੂਜੇ ਨੇ ਉਨ੍ਹਾਂ ਨਾਲ ਕਿਸੇ ਦੇ ਘਰ ਦਾ ਪਤਾ ਪੁੱਛਣ ਅਤੇ ਮੁਰਗੀਆਂ ਬਾਰੇ ਗੱਲਬਾਤ ਕਰਨ ਦੇ ਬਹਾਨੇ ਗੱਲਾਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਮੌਕਾ ਮਿਲਦੇ ਹੀ ਉਸ ਨੇ ਅਚਾਨਕ ਝਪਟਾ ਮਾਰ ਕੇ ਦੋਵੇਂ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ।

ਸਰਪੰਚ ਨੇ ਕੀਤਾ ਪਿੱਛਾ, ਧੱਕਾ-ਮੁੱਕੀ ਦੌਰਾਨ ਸੜਕ ’ਤੇ ਡਿੱਗੀ

ਵਾਰਦਾਤ ਤੋਂ ਬਾਅਦ ਅਮਰਜੀਤ ਕੌਰ ਨੇ ਹਿੰਮਤ ਦਿਖਾਉਂਦਿਆਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਧੱਕਾ-ਮੁੱਕੀ ਹੋਈ ਅਤੇ ਉਹ ਅਸੰਤੁਲਿਤ ਹੋ ਕੇ ਸੜਕ ’ਤੇ ਡਿੱਗ ਪਈਆਂ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।

CCTV ਫੁਟੇਜ ਦੇ ਆਧਾਰ ’ਤੇ ਜਾਂਚ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਮੁਤਾਬਕ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ FIR ਨੰਬਰ 113 ਦਰਜ ਕੀਤੀ ਗਈ ਹੈ। ਪੁਲਿਸ CCTV ਫੁਟੇਜ ਦੀ ਜਾਂਚ ਕਰ ਰਹੀ ਹੈ। ਫੁਟੇਜ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਹਲਚਲ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਹੂਲੀਏ ਅਤੇ ਉਨ੍ਹਾਂ ਵੱਲੋਂ ਵਰਤੀ ਗਈ ਮੋਟਰਸਾਈਕਲ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੀੜਤਾ ਨੇ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।



Source link