ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਪਰੈਲ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਠੇਕੇਦਾਰੀ ਸਿਸਟਮ ਤਹਿਤ ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ 90 ਫੀਸਦੀ ਨਕਾਰਾ ਹੋ ਚੁੱਕਿਆ ਸਥਾਨਕ ਹਰੀਪੁਰਾ ਬਸਤੀ ਦਾ ਵਸਨੀਕ ਨੌiਵਾਨ ਲਵਪ੍ਰੀਤ ਸਿੰਘ ਘਰ ਮੰਜੇ ‘ਤੇ ਪਿਆ ਹੈ। ਬੀਤੇ ਮਹੀਨੇ ਉਸ ਦੀ ਮਾਂ ਦੀ ਕੈਂਸਰ ਕਾਰਨ ਮੌਤ ਹੋ ਗਈ। ਲਵਪ੍ਰੀਤ ਨੂੰ ਨਾ ਤਾਂ ਪਾਵਰਕੌਮ ਵਲੋਂ ਕੋਈ ਮਦਦ ਮਿਲੀ ਹੈ ਅਤੇ ਨਾ ਹੀ ਰੁਜ਼ਗਾਰ ਹੈ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਲੈਕਟਰੀਕਲ ਡਿਪਲੋਮਾ ਹੋਲਡਰ ਹੈ ਅਤੇ ਪਾਵਰਕੌਮ ਵਿਚ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦਾ ਸੀ। ਨਵੰਬਰ 2019 ਵਿੱਚ ਬਿਜਲੀ ਲਾਈਨ ‘ਤੇ ਫ਼ਾਲਟ ਠੀਕ ਕਰਦੇ ਲੋਕ ਹਿੱਤ ਡਿਊਟੀ ਨਿਭਾਉਂਦੇ ਹੋਏ ਬਿਜਲੀ ਦਾ ਕਰੰਟ ਲੱਗਣ ਨਾਲ ਉਹ ਕਰੀਬ 90 ਫੀਸਦੀ ਨਕਾਰਾ ਹੋ ਚੁੱਕਿਆ ਹੈ। ਇਹ ਹਾਦਸਾ ਪਾਵਰਕੌਮ ਦੇ ਜੇਈ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਸੀ ਅਤੇ ਵਿਭਾਗੀ ਪੜਤਾਲ ਦੌਰਾਨ ਜੇਈ ਨੂੰ ਕਸੂਰਵਾਰ ਠਹਿਰਾਇਆ ਜਾ ਚੁੱਕਿਆ ਹੈ। ਉਸ ਦੀ ਜਾਨ ਬਚਾਉਣ ਲਈ ਪੀਜੀਆਈ ਦੇ ਡਾਕਟਰਾਂ ਨੂੰ ਲੱਤ ਵੀ ਕੱਟਣੀ ਪਈ ਅਤੇ ਦੂਜੀ ਨਕਾਰਾ ਹੋ ਗਈ। ਕਰੰਟ ਲੱਗਣ ਕਾਰਨ ਉਸ ਦਾ ਪੇਟ ਸੜ ਗਿਆ ਸੀ ਜਿਸ ਦੀ ਇਨਫੈਕਸਨ ਅਜੇ ਵੀ ਪੀਕ ਬਣਕੇ ਨਿਕਲ ਰਹੀ ਹੈ। ਉਸ ਦੇ ਪੇਟ ਦੀ ਇੱਕ ਵਾਰ ਪਲਾਸਟਿਕ ਸਰਜਰੀ ਹੋ ਚੁੱਕੀ ਹੈ ਅਤੇ ਮੁੜ ਪਲਾਸਟਿਕ ਸਰਜਰੀ ਹੋਣੀ ਹੈ। ਇਸੇ ਦੌਰਾਨ ਉਸ ਦੀ ਮਾਤਾ ਗੁਰਪ੍ਰੀਤ ਕੌਰ (48) ਨੂੰ ਕੈਂਸਰ ਹੋ ਗਿਆ। ਮੁਹੱਲੇ ‘ਚ ਛੋਟੀ ਦੁਕਾਨਦਾਰੀ ਕਰਦੇ ਗਰੀਬ ਵਰਗ ਪਰਿਵਾਰ ਪਾਸ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਹੈ। ਮਾਂ-ਪੁੱਤ ਦੇ ਇਲਾਜ ਉਪਰ ਹੋਏ ਖਰਚੇ ਨੇ ਪਰਿਵਾਰ ਨੂੰ ਆਰਥਿਕ ਪੱਖ ਤੋਂ ਕੱਖੋਂ ਹੌਲਾ ਕਰ ਦਿੱਤਾ ਹੈ। ਕੈਂਸਰ ਪੀੜ੍ਹਤ ਮਾਂ ਗੁਰਪ੍ਰੀਤ ਕੌਰ ਦੀ ਇਸ ਸਾਲ 22 ਮਾਰਚ ਨੂੰ ਮੌਤ ਹੋ ਗਈ। ਲਵਪ੍ਰੀਤ ਦਾ ਭਰਾ ਆਈਟੀਆਈ ਡਿਪਲੋਮਾ ਹੋਲਡਰ ਵੀ ਬੇਰੁਜ਼ਗਾਰ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਸਦੀ ਤਰਸਯੋਗ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਉਸਦੇ ਕੇਸ ਨੂੰ ਗੰਭੀਰਤਾ ਨਾਲ ਲੈਂ ਕੇ ਉਸਨੂੰ ਇਨਸਾਫ਼ ਦਿਵਾਇਆ ਜਾਵੇ।









