ਟੋਰਾਂਟੋ, 17 ਮਈ
ਇੰਡੋ-ਕੈਨੇਡਾ ਚੈਂਬਰ ਆਫ਼ ਕਾਮਰਸ (ਆਈਸੀਸੀਸੀ) ਨੇ 82 ਹੋਰ ਜਥੇਬੰਦੀਆਂ ਨਾਲ ਮਿਲ ਕੇ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ‘ਚ ਆਕਸੀਜਨ ਕੰਸਨਟਰੇਟਰ ਭੇਜਣ ਲਈ 4,40,220 ਕੈਨੇਡਿਆਈ ਡਾਲਰ (2.66 ਕਰੋੜ ਰੁਪਏ) ਇਕੱਤਰ ਕੀਤੇ ਹਨ। ਆਈਸੀਸੀਸੀ ਵੱਲੋਂ ਇਹ ਦਾਨ ਮੁਹਿੰਮ ਅਗਲੇ ਚਾਰ ਹਫ਼ਤਿਆਂ ਤੱਕ ਐਤਵਾਰ ਨੂੰ ਤਿੰਨ ਘੰਟੇ ਤੱਕ ਚੱਲੇਗੀ। ਆਈਸੀਸੀਸੀ ਨੇ ਕਿਹਾ ਕਿ ਆਕਸੀਜਨ ਸਪਲਾਈ ਭਾਰਤ ਦੇ ਟਿਅਰ 2 ਅਤੇ ਟਿਅਰ 3 ਸ਼ਹਿਰਾਂ ‘ਚ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਬਿਆਨ ‘ਚ ਕਿਹਾ ਗਿਆ,”ਅਸੀਂ ਮੰਨਦੇ ਹਾਂ ਕਿ ਇਕੱਲਿਆਂ ਬਹੁਤ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ ਹੈ ਪਰ ਇਕਜੁੱਟਤਾ ਨਾਲ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਇਸ ਲਈ ਅਸੀਂ ਇਸ ਮਾਨਵੀ ਪਹਿਲ ਤਹਿਤ 82 ਤੋਂ ਵੱਧ ਹੋਰ ਭਾਰਤੀ-ਕੈਨੇਡਿਆਈ ਅਤੇ ਕਮਿਊਨਿਟੀ ਜਥੇਬੰਦੀਆਂ ਨੂੰ ਇਕੱਠੇ ਕਰ ਰਹੇ ਹਾਂ।” ਪਿਛਲੇ ਮਹੀਨੇ ਭਾਰਤੀ ਰੈੱਡਕਰਾਸ ਨੂੰ ਕੋਵਿਡ-19 ਨਾਲ ਸਬੰਧਤ ਐਮਰਜੈਂਸੀ ਕੰਮਾਂ ‘ਚ ਸਹਾਇਤਾ ਲਈ ਕੈਨੇਡਿਆਈ ਰੈੱਡਕਰਾਸ ਰਾਹੀਂ ਇਕ ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਸੀ। -ਪੀਟੀਆਈ










