Canada ‘ਚ 26 ਸਾਲਾ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ

Canada ‘ਚ 26 ਸਾਲਾ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ


Navneet Kaur Murder Case : ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਅਤੇ ਕੈਨੇਡਾ ਤੇ ਭਾਰਤ ਸਰਕਾਰ ਤੋਂ ਜਲਦ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪਰਿਵਾਰ ਦਾ ਆਰੋਪ ਹੈ ਕਿ ਇਕਤਰਫਾ ਪਿਆਰ ਕਰਨ ਵਾਲਾ ਇੱਕ ਪੰਜਾਬੀ ਨੌਜਵਾਨ ਕਾਫ਼ੀ ਸਮੇਂ ਤੋਂ ਨਵਨੀਤ ਨੂੰ ਤੰਗ ਕਰ ਰਿਹਾ ਸੀ।

ਪਰਿਵਾਰ ਮੁਤਾਬਕ ਇਸ ਸਬੰਧੀ ਪਹਿਲਾਂ ਹੀ ਕੈਨੇਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਇਸ ਦੇ ਬਾਵਜੂਦ ਇਹ ਦਰਦਨਾਕ ਵਾਰਦਾਤ ਵਾਪਰ ਗਈ।

ਮ੍ਰਿਤਕਾ ਦੇ ਪਿਤਾ ਹਰਭਜਨ ਸਿੰਘ ਨੇ ਰੋਂਦਿਆਂ ਦੱਸਿਆ ਕਿ ਨਵਨੀਤ ਕਰੀਬ ਪੰਜ ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਅਤੇ ਫਿਰ PR ਮਿਲਣ ਉਪਰੰਤ ਉਹ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਹ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ। 27 ਜੂਨ ਨੂੰ ਉਸ ਨੇ ਅੰਮ੍ਰਿਤ ਛਕਿਆ ਅਤੇ 29 ਜੂਨ ਨੂੰ ਮੁੜ ਕੈਨੇਡਾ ਵਾਪਸ ਚਲੀ ਗਈ।

ਕੋਟਕਪੂਰਾ ਦਾ ਰਹਿਣ ਵਾਲਾ ਹੈ ਆਰੋਪੀ 

ਪਰਿਵਾਰ ਦਾ ਦਾਅਵਾ ਹੈ ਕਿ ਕੋਟਕਪੂਰਾ ਦਾ ਰਹਿਣ ਵਾਲਾ ਸ਼ਰਨਜੀਤ ਨਾਮ ਦਾ ਨੌਜਵਾਨ ਕਈ ਮਹੀਨਿਆਂ ਤੋਂ ਨਵਨੀਤ ਦਾ ਪਿੱਛਾ ਕਰ ਰਿਹਾ ਸੀ। ਉਹ ਲਗਾਤਾਰ ਫੋਨ ਕਰਦਾ ਸੀ ਅਤੇ ਬੈਂਕ ਤੱਕ ਪਹੁੰਚ ਕੇ ਵੀ ਉਸ ਨੂੰ ਪਰੇਸ਼ਾਨ ਕਰਦਾ ਸੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ। ਇਸ ਤੋਂ ਬਾਅਦ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦੀ ਥਾਂ ਵੀ ਬਦਲ ਲਈ ਸੀ, ਪਰ ਆਰੋਪੀ ਫਿਰ ਵੀ ਉਸ ਤੱਕ ਪਹੁੰਚ ਗਿਆ।

ਵੀਡੀਓ ਕਾਲ ਦੌਰਾਨ ਆਖ਼ਰੀ ਸ਼ਬਦ

ਪਰਿਵਾਰ ਦੇ ਅਨੁਸਾਰ ਘਟਨਾ ਵਾਲੇ ਦਿਨ ਸਵੇਰੇ ਕਰੀਬ ਸਾਢੇ ਸੱਤ ਵਜੇ ਨਵਨੀਤ ਬੈਂਕ ਜਾਣ ਲਈ ਬੱਸ ਸਟਾਪ ‘ਤੇ ਖੜ੍ਹੀ ਸੀ ਅਤੇ ਆਪਣੇ ਭਰਾ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਉਸ ਨੇ ਕਿਹਾ, “ਸ਼ਰਨ ਆ ਗਿਆ।” ਕੁਝ ਹੀ ਸਕਿੰਟਾਂ ਬਾਅਦ ਫੋਨ ਹੇਠਾਂ ਡਿੱਗ ਗਿਆ ਅਤੇ ਕਾਲ ਕੱਟ ਗਈ। ਬਾਅਦ ਵਿੱਚ ਪਰਿਵਾਰ ਨੂੰ ਉਸ ਦੀ ਹੱਤਿਆ ਦੀ ਸੂਚਨਾ ਮਿਲੀ।

ਕੈਨੇਡਾ ਸਰਕਾਰ ਤੋਂ ਨਿਰਪੱਖ ਜਾਂਚ ਦੀ ਮੰਗ

ਪਰਿਵਾਰ ਨੇ ਸਵਾਲ ਉਠਾਇਆ ਹੈ ਕਿ ਜਦੋਂ ਆਰੋਪੀ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਸੀ ਅਤੇ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਤਾਂ ਉਹ ਖੁੱਲ੍ਹੇਆਮ ਕਿਵੇਂ ਘੁੰਮ ਰਿਹਾ ਸੀ ਅਤੇ ਉਸ ਕੋਲ ਹਥਿਆਰ ਕਿਵੇਂ ਪਹੁੰਚਿਆ। ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ, ਆਰੋਪੀ ਨੂੰ ਸਖ਼ਤ ਸਜ਼ਾ ਅਤੇ ਭਾਰਤ ਸਰਕਾਰ ਤੋਂ ਨਵਨੀਤ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਲਈ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਆਪਣੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ।



Source link