ED ਦੀ ਕਾਰਵਾਈ ਤੋਂ ਬਾਅਦ ਪੁਲਿਸ ਪ੍ਰਸ਼ਾਸਨ ‘ਚ ਹਲਚਲ, ਦਫ਼ਤਰ ਪਹੁੰਚੀ IAS ਤੋਂ ਸਾਢੇ ਅੱਠ ਘੰਟੇ ਹੋਈ ਪੁੱਛਗਿੱਛ, ਕੀ ਵਧਣਗੀਆਂ ਮੁਸ਼ਕਿਲਾਂ…


Punjab News: ਪੰਜਾਬ ਪੁਲਿਸ ਵਿਭਾਗ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦਰਅਸਲ, ਈਡੀ ਵੱਲੋਂ ਅਚਾਨਕ ਵੱਡੀ ਕਾਰਵਾਈ ਕੀਤੀ ਗਈ, ਜਿਸ ਨੇ ਮੁਲਾਜ਼ਮਾਂ ਵਿਚਾਲੇ ਤਰਥੱਲੀ ਮਚਾ ਦਿੱਤੀ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਕੇਡਰ ਦੀ ਆਈਏਐਸ ਅਧਿਕਾਰੀ ਕੰਵਲਪ੍ਰੀਤ ਬਰਾੜ 10 ਦਿਨਾਂ ਦੇ ਅੰਦਰ ਦੂਜੀ ਵਾਰ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਵਿੱਚ ਪੇਸ਼ ਹੋਈ। ਉਹ ਵੀਰਵਾਰ ਸਵੇਰੇ ਕਰੀਬ 10 ਵਜੇ ਈਡੀ ਦਫ਼ਤਰ ਪਹੁੰਚੀ। ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪੇਸ਼ੀ ਸਬੰਧੀ ਰਜਿਸਟਰ ’ਤੇ ਦਸਤਖ਼ਤ ਕੀਤੇ ਅਤੇ ਕਿਸੇ ਨਾਲ ਗੱਲਬਾਤ ਕੀਤੇ ਬਿਨਾਂ ਸਿੱਧਾ ਅੰਦਰ ਚਲੀ ਗਈ।

ਸਾਢੇ ਅੱਠ ਘੰਟੇ ਹੋਈ ਪੁੱਛਗਿੱਛ  

ਉਸ ਦੌਰਾਨ ਉਨ੍ਹਾਂ ਤੋਂ ਕਰੀਬ ਸਾਢੇ ਅੱਠ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਸੀ। ਹੁਣ ਜਾਂਚ ਨੂੰ ਅੱਗੇ ਵਧਾਉਂਦਿਆਂ ਈਡੀ ਨੇ ਉਨ੍ਹਾਂ ਨੂੰ ਮੁੜ ਪੇਸ਼ ਹੋਣ ਲਈ ਸੰਮਨ ਕੀਤਾ ਹੈ। ਜਾਂਚ ਨਾਲ ਜੁੜੇ ਮਾਮਲੇ ਵਿੱਚ ਈਡੀ ਪਹਿਲਾਂ ਹੀ ਮੁੱਖ ਪ੍ਰਮੋਟਰ ਅਜੈ ਸਹਿਗਲ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਏਜੰਸੀ ਵੱਲੋਂ ਪ੍ਰੋਜੈਕਟ ਨਾਲ ਜੁੜੇ ਦਸਤਾਵੇਜ਼ਾਂ, ਮਨਜ਼ੂਰੀਆਂ ਅਤੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕੰਵਲਪ੍ਰੀਤ ਬਰਾੜ ਦੀ ਦੂਜੀ ਪੇਸ਼ੀ ਤੋਂ ਬਾਅਦ ਮਾਮਲੇ ਦੀ ਜਾਂਚ ਹੋਰ ਅੱਗੇ ਵਧਣ ਦੀ ਉਮੀਦ ਹੈ। ਹਾਲਾਂਕਿ, ਈਡੀ ਦੀ ਜਾਂਚ ਪੂਰੀ ਹੋਣ ਅਤੇ ਅਧਿਕਾਰਤ ਤੌਰ ’ਤੇ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਕਥਿਤ ਬੇਨਿਯਮੀਆਂ ਨਾਲ ਜੁੜੀਆਂ ਸਾਰੀਆਂ ਗੱਲਾਂ ਸਪੱਸ਼ਟ ਹੋ ਸਕਣਗੀਆਂ।

ਜਾਣੋ ਪੂਰਾ ਮਾਮਲਾ

ਜਾਣਕਾਰੀ ਮੁਤਾਬਕ ਈਡੀ ਵੱਲੋਂ ਇਹ ਕਾਰਵਾਈ ਮੋਹਾਲੀ ਵਿੱਚ ਇੱਕ ਪ੍ਰੋਜੈਕਟ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਪ੍ਰੋਜੈਕਟ ਲਈ ਭੂਮੀ ਵਰਤੋਂ ਵਿੱਚ ਤਬਦੀਲੀ (CLU) ਦੀ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿੱਚ ਕਥਿਤ ਤੌਰ ’ਤੇ ਬੇਨਿਯਮੀਆਂ ਹੋਈਆਂ ਸਨ। ਇਸੇ ਮਾਮਲੇ ਵਿੱਚ ਕੰਵਲਪ੍ਰੀਤ ਬਰਾੜ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਈਡੀ ਨੇ ਕੰਵਲਪ੍ਰੀਤ ਬਰਾੜ ਨੂੰ 18 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਸੀ।

ਈਡੀ ਨੇ ਜੁਲਾਈ ਵਿੱਚ ਇੰਡੀਅਨ ਕੋ-ਆਪਰੇਟਿਵ ਹਾਊਸ ਬਿਲਡਿੰਗ ਲਿਮਟਿਡ ਦੇ ਸਕੱਤਰ ਅਜੈ ਸਹਿਗਲ ’ਤੇ ਲਗਭਗ 348 ਕਰੋੜ ਰੁਪਏ ਦੀ ਅਪਰਾਧਿਕ ਕਮਾਈ ਨੂੰ ਜਾਇਜ਼ ਬਣਾਉਣ ਦੇ ਦੋਸ਼ ਲਗਾਏ ਸਨ। ਇਹ ਕੰਪਨੀ ਸਨਟੈਕ ਸਿਟੀ ਪ੍ਰਾਜੈਕਟ ਦੀ ਪ੍ਰਮੋਟਰ ਸੀ। ਅਜੈ ਸਹਿਗਲ ਨੂੰ ਮਈ ਮਹੀਨੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਮੇਂ ਉਹ ਅਦਾਲਤੀ ਹਿਰਾਸਤ ਵਿੱਚ ਹਨ। ਮਾਮਲੇ ਦੀ ਜਾਂਚ ਦੌਰਾਨ ਜ਼ਮੀਨ ਨਾਲ ਜੁੜੇ ਦਸਤਾਵੇਜ਼ਾਂ ਅਤੇ ਸਹਿਮਤੀ ਪੱਤਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਪਿੱਛੇ ਕੌਣ-ਕੌਣ ਲੋਕ ਸ਼ਾਮਲ ਸਨ।

 



Source link