Gurdwara Manji Sahib ‘ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ ‘ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ


Gurdwara Manji Sahib Firing : ਲੁਧਿਆਣਾ ਦੇ ਨੇੜਲੇ ਪਿੰਡ ਰਾਜੋਆਣਾ ਕਲਾਂ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਜ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਉਸ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਮੁੱਢਲੇ ਤੌਰ ‘ਤੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ, ਜਦਕਿ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਜਾਣਕਾਰੀ ਅਨੁਸਾਰ ਲੁਧਿਆਣਾ ਦਿਹਾਤੀ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਸਾਂਝੀਆਂ ਟੀਮਾਂ ਨੇ ਸੋਮਵਾਰ ਨੂੰ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਗ੍ਰਿਫ਼ਤਾਰੀ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਡਾ. ਅੰਕੁਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਦੌਰਾਨ ਰਾਜੂ ਨੇ ਘਬਰਾਹਟ ਅਤੇ ਸਿਹਤ ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ। ਪੁਲਿਸ ਉਸ ਨੂੰ ਪਹਿਲਾਂ ਸਰਕਾਰੀ ਹਸਪਤਾਲ ਸੁਧਾਰ ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ। ਬਾਅਦ ਵਿੱਚ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਵੀ ਹਲਚਲ ਮਚ ਗਈ। ਪੁਲਿਸ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਵੀਡੀਓਗ੍ਰਾਫੀ ਕਰਵਾ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਪਰਿਵਾਰ ਨੇ ਪੁਲਿਸ ‘ਤੇ ਲਾਏ ਇਲਜ਼ਾਮ

ਦੂਜੇ ਪਾਸੇ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਰਾਜੂ ਨੂੰ ਬਿਲਕੁਲ ਸਹੀ-ਸਲਾਮਤ ਹਾਲਤ ਵਿੱਚ ਲੈ ਕੇ ਗਈ ਸੀ। ਉਸ ਨੂੰ ਕੋਈ ਬਿਮਾਰੀ ਨਹੀਂ ਸੀ ਪਰ ਹੁਣ ਉਨ੍ਹਾਂ ਨੂੰ ਸਿੱਧੀ ਉਸ ਦੀ ਲਾਸ਼ ਦਿਖਾਈ ਜਾ ਰਹੀ ਹੈ।

ਹਸਪਤਾਲ ਪਹੁੰਚੇ ਮ੍ਰਿਤਕ ਦੇ ਭਤੀਜੇ ਨਵਦੀਪ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਇਨਸਾਨ ਦੀ ਜਾਨ ਲੈਣ ਦਾ ਹੱਕ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਇਨਸਾਫ਼ ਚਾਹੀਦਾ ਹੈ। ਉਸ ਨੇ ਆਰੋਪ ਲਾਇਆ ਕਿ ਉਸ ਦੇ ਚਾਚੇ ਨੂੰ ਤਲਵੰਡੀ ਤੋਂ ਸਰਕਾਰੀ ਗੱਡੀ ਵਿੱਚ ਬਿਲਕੁਲ ਠੀਕ ਹਾਲਤ ਵਿੱਚ ਲਿਆਂਦਾ ਗਿਆ ਸੀ, ਪਰ ਰਾਤ ਨੂੰ ਕੀ ਹੋਇਆ, ਇਸ ਬਾਰੇ ਪਰਿਵਾਰ ਨੂੰ ਕੁਝ ਨਹੀਂ ਪਤਾ।

ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੇ ਕਮਰੇ ‘ਤੇ ਚਲਾਈਆਂ ਸਨ ਗੋਲੀਆਂ

ਜ਼ਿਕਰਯੋਗ ਹੈ ਕਿ 28 ਅਕਤੂਬਰ ਦੀ ਤੜਕਸਾਰ ਕਰੀਬ 3:10 ਵਜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿੱਚ ਦਾਖ਼ਲ ਹੋ ਕੇ ਮੁੱਖ ਸੇਵਾਦਾਰ ਦੇ ਰਿਹਾਇਸ਼ੀ ਕਮਰੇ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਕਮਰੇ ਦੇ ਸ਼ੀਸ਼ੇ ਟੁੱਟ ਗਏ ਸਨ ਅਤੇ ਕੰਧਾਂ ‘ਤੇ ਵੀ ਗੋਲੀਆਂ ਦੇ ਨਿਸ਼ਾਨ ਮਿਲੇ ਸਨ। ਵਾਰਦਾਤ ਸਮੇਂ ਮੁੱਖ ਸੇਵਾਦਾਰ ਬਾਥਰੂਮ ਵਿੱਚ ਹੋਣ ਕਾਰਨ ਵਾਲ-ਵਾਲ ਬਚ ਗਏ ਸਨ। ਇਸ ਘਟਨਾ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਵਿਦੇਸ਼ੀ ਨੰਬਰ ਤੋਂ ਮਿਲੀਆਂ ਸਨ ਧਮਕੀਆਂ

ਪੁਲਿਸ ਜਾਂਚ ਦੌਰਾਨ ਵਿਦੇਸ਼ੀ ਇੰਟਰਨੈੱਟ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਕਥਿਤ ਫਿਰੌਤੀ ਮੰਗਣ ਦੀ ਗੱਲ ਸਾਹਮਣੇ ਆਈ ਸੀ। ਪੁਲਿਸ ਮੁਤਾਬਕ ਮੰਗ ਪੂਰੀ ਨਾ ਹੋਣ ‘ਤੇ ਬਾਬਾ ਬਲਦੇਵ ਸਿੰਘ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਕੇ ਗੋਲੀਬਾਰੀ ਦੀ ਸਾਜ਼ਿਸ਼ ਰਚਣ ਦਾ ਆਰੋਪ ਹੈ।

ਪੁਲਿਸ ਨੇ ਕਰੀਬ 200 ਕਿਲੋਮੀਟਰ ਦੇ ਰਸਤੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ, ਸਾਈਬਰ ਜਾਂਚ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਫਿਰੋਜ਼ਪੁਰ ਵਿੱਚ ਛਾਪੇਮਾਰੀ ਕਰਕੇ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਗੁਰਦਾਸਪੁਰ ਦੇ ਦੋ ਹੋਰ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲੈਣ ਦੀ ਜਾਣਕਾਰੀ ਸਾਹਮਣੇ ਆਈ ਸੀ।

ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਸਨ 7 ਅਪਰਾਧਿਕ ਮਾਮਲੇ

ਪੁਲਿਸ ਰਿਕਾਰਡ ਮੁਤਾਬਕ ਰਾਜ ਸਿੰਘ ਉਰਫ਼ ਰਾਜੂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਲੁੱਟ-ਖੋਹ, ਨਸ਼ਾ ਤਸਕਰੀ, ਅਸਲਾ ਐਕਟ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਕੁੱਲ 7 ਮਾਮਲੇ ਦਰਜ ਸਨ। ਉੱਥੇ ਹੀ ਪੁਲਿਸ ਸੂਤਰਾਂ ਅਨੁਸਾਰ ਰਾਜੂ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸੀ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਵੀ ਪੀੜਤ ਦੱਸਿਆ ਜਾ ਰਿਹਾ ਸੀ। ਹਾਲਾਂਕਿ ਉਸ ਦੀ ਮੌਤ ਦਾ ਅਸਲ ਕਾਰਨ ਡਾਕਟਰੀ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ।



Source link