Passport Fees : 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਜਾਣੋ ਨਵੀਆਂ ਦਰਾਂ

Passport Fees : 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਜਾਣੋ ਨਵੀਆਂ ਦਰਾਂ


Passport Fees : ਦੇਸ਼ ਵਿੱਚ ਪਾਸਪੋਰਟ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ। ਇਸ ਦਾ ਮਤਲਬ ਹੈ ਕਿ ਜੁਲਾਈ ਤੋਂ ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਪੁਰਾਣੇ ਦਾ ਰੀਨਿਊ ਕਰਵਾਉਣਾ, ਹੁਣ ਪਹਿਲਾਂ ਨਾਲੋਂ ਵੱਧ ਖਰਚ ਕਰਨਾ ਪਵੇਗਾ।

ਪਾਸਪੋਰਟ ਫੀਸ ਵਿੱਚ ਕਿੰਨਾ ਵਾਧਾ ਹੋਇਆ?

ਹੁਣ ਤੱਕ 36 ਸਫ਼ਿਆਂ ਵਾਲਾ ਆਮ ਪਾਸਪੋਰਟ ਬਣਵਾਉਣ ਜਾਂ ਰੀਨਿਊ ਕਰਵਾਉਣ ਲਈ 1500 ਰੁਪਏ ਫੀਸ ਲੱਗਦੀ ਸੀ। ਨਵੀਆਂ ਦਰਾਂ ਮੁਤਾਬਕ ਇਹ ਫੀਸ ਵਧਾ ਕੇ 2500 ਰੁਪਏ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ 60 ਸਫ਼ਿਆਂ ਵਾਲੇ ਪਾਸਪੋਰਟ ਲਈ ਪਹਿਲਾਂ 2000 ਰੁਪਏ ਦੇਣੇ ਪੈਂਦੇ ਸਨ, ਜੋ ਹੁਣ ਵਧਾ ਕੇ 3500 ਰੁਪਏ ਕਰ ਦਿੱਤੇ ਗਏ ਹਨ।

ਜੇਕਰ ਪਾਸਪੋਰਟ ਗੁੰਮ ਹੋ ਜਾਵੇ ਜਾਂ ਖਰਾਬ ਹੋ ਜਾਵੇ ਅਤੇ ਨਵਾਂ ਬਣਵਾਉਣਾ ਪਵੇ, ਤਾਂ ਖਰਚ ਹੋਰ ਵੀ ਵੱਧ ਗਿਆ ਹੈ। 36 ਸਫ਼ਿਆਂ ਵਾਲੇ ਅਜਿਹੇ ਪਾਸਪੋਰਟ ਦੀ ਫੀਸ 3000 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ, ਜਦਕਿ 60 ਸਫ਼ਿਆਂ ਵਾਲੇ ਲਈ ਇਹ 3500 ਰੁਪਏ ਤੋਂ ਵਧਾ ਕੇ 6000 ਰੁਪਏ ਹੋ ਗਈ ਹੈ।

ਤਤਕਾਲ ਸੇਵਾ ਵੀ ਹੋਈ ਮਹਿੰਗੀ

ਜੇ ਤੁਹਾਨੂੰ ਪਾਸਪੋਰਟ ਜਲਦੀ ਚਾਹੀਦਾ ਹੈ ਤਾਂ ਤਤਕਾਲ ਸੇਵਾ ਦਾ ਖਰਚ ਵੀ ਵੱਧ ਗਿਆ ਹੈ। 36 ਸਫ਼ਿਆਂ ਵਾਲੇ ਪਾਸਪੋਰਟ ਲਈ ਤਤਕਾਲ ਫੀਸ 3500 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ। 60 ਸਫ਼ਿਆਂ ਵਾਲੇ ਪਾਸਪੋਰਟ ਲਈ ਇਹ ਫੀਸ 4000 ਰੁਪਏ ਤੋਂ ਵਧਾ ਕੇ 6000 ਰੁਪਏ ਹੋ ਗਈ ਹੈ। ਧਿਆਨ ਰਹੇ ਕਿ ਇਹ ਤਤਕਾਲ ਫੀਸ ਆਮ ਫੀਸ ਸਮੇਤ ਕੁੱਲ ਰਕਮ ਹੈ।

ਬੱਚਿਆਂ ਦੇ ਪਾਸਪੋਰਟ ‘ਤੇ ਵੀ ਅਸਰ

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 36 ਸਫ਼ਿਆਂ ਵਾਲੇ ਪਾਸਪੋਰਟ ਦੀ ਫੀਸ 1000 ਰੁਪਏ ਤੋਂ ਵਧਾ ਕੇ 1750 ਰੁਪਏ ਕਰ ਦਿੱਤੀ ਗਈ ਹੈ। ਜੇ ਬੱਚੇ ਦਾ ਪਾਸਪੋਰਟ ਗੁੰਮ ਜਾਂ ਖਰਾਬ ਹੋ ਜਾਵੇ ਤਾਂ ਨਵਾਂ ਬਣਵਾਉਣ ਲਈ ਹੁਣ 2000 ਰੁਪਏ ਦੀ ਥਾਂ 4250 ਰੁਪਏ ਦੇਣੇ ਪੈਣਗੇ।

ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ ਮਹਿੰਗਾ

ਪੁਲਿਸ ਕਲੀਅਰੈਂਸ ਸਰਟੀਫਿਕੇਟ (PCC), ਸਰੈਂਡਰ ਸਰਟੀਫਿਕੇਟ ਅਤੇ ਗਲੋਬਲ ਐਂਟਰੀ ਪ੍ਰੋਗਰਾਮ ਵਰਗੀਆਂ ਸੇਵਾਵਾਂ ਦੀ ਫੀਸ 500 ਰੁਪਏ ਤੋਂ ਵਧਾ ਕੇ 750 ਰੁਪਏ ਕਰ ਦਿੱਤੀ ਗਈ ਹੈ।

ਕਿਸ ਨੂੰ ਮਿਲੇਗੀ ਛੂਟ?

ਸਰਕਾਰ ਨੇ ਕੁਝ ਵਰਗਾਂ ਨੂੰ ਰਾਹਤ ਵੀ ਦਿੱਤੀ ਹੈ। 8 ਸਾਲ ਤੱਕ ਦੇ ਬੱਚਿਆਂ ਨੂੰ ,60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਨਵੇਂ ਪਾਸਪੋਰਟ ਦੀ ਫੀਸ ਵਿੱਚ 10 ਫੀਸਦੀ ਛੂਟ ਮਿਲੇਗੀ। ਹਾਲਾਂਕਿ ਇਹ ਛੂਟ ਸਿਰਫ਼ ਨਵੇਂ ਪਾਸਪੋਰਟ ਲਈ ਹੋਵੇਗੀ, ਰੀਇਸ਼ੂ ਜਾਂ ਰੀਨਿਊਅਲ ਲਈ ਨਹੀਂ।

ਪਾਸਪੋਰਟ ਦੀ ਵੈਧਤਾ ਵਿੱਚ ਕੋਈ ਬਦਲਾਅ ਨਹੀਂ

ਫੀਸ ਵਧਣ ਦੇ ਬਾਵਜੂਦ ਪਾਸਪੋਰਟ ਦੀ ਵੈਧਤਾ ਪਹਿਲਾਂ ਵਾਂਗ ਹੀ ਰਹੇਗੀ। ਬਾਲਗਾਂ ਦਾ ਪਾਸਪੋਰਟ 10 ਸਾਲ ਲਈ ਵੈਧ ਰਹੇਗਾ। ਬੱਚਿਆਂ ਦਾ ਪਾਸਪੋਰਟ 5 ਸਾਲ ਲਈ ਜਾਂ ਉਨ੍ਹਾਂ ਦੇ 18 ਸਾਲ ਦੇ ਹੋਣ ਤੱਕ (ਜੋ ਪਹਿਲਾਂ ਆਵੇ) ਵੈਧ ਰਹੇਗਾ। ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਲਈ ਡਾਲਰ ਵਿੱਚ ਤੈਅ ਕੀਤੀਆਂ ਗਈਆਂ ਫੀਸਾਂ ਵਿੱਚ ਵੀ ਇਸੇ ਅਨੁਪਾਤ ਵਿੱਚ ਵਾਧਾ ਕੀਤਾ ਗਿਆ ਹੈ।



Source link