Punjab News: ਜੇਕਰ ਅਕਾਲੀ ਹੁਣ ਵੀ ਇਕੱਠੇ ਨਾ ਹੋਏ ਤਾਂ ਵੱਡਾ ਸਿਆਸੀ ਨੁਕਸਾਨ ਹੋਵੇਗਾ: ਮਲੂਕਾ

Punjab News: ਜੇਕਰ ਅਕਾਲੀ ਹੁਣ ਵੀ ਇਕੱਠੇ ਨਾ ਹੋਏ ਤਾਂ ਵੱਡਾ ਸਿਆਸੀ ਨੁਕਸਾਨ ਹੋਵੇਗਾ: ਮਲੂਕਾ


ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ 10 ਦਸੰਬਰ
ਪਿਛਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਸੁਧਾਰ ਲਹਿਰ ’ਚ ਜਾ ਚੁੱਕੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਜਥੇਬੰਦਕ ਢਾਂਚਾ ਭੰਗ ਕਰਨ ਦੀ ਪ੍ਰਕਿਰਿਆ ਨੂੰ ਪ੍ਰਸ਼ੰਸਾਯੋਗ ਦੱਸਦਿਆਂ ਕਿਹਾ ਕਿ ਜੇਕਰ ਹੁਣ ਵੀ ਅਕਾਲੀ ਇਕੱਠੇ ਨਾ ਹੋਏ ਤਾਂ ਵੱਡਾ ਨੁਕਸਾਨ ਹੋਵੇਗਾ।
ਸਿਕੰਦਰ ਸਿੰਘ ਮਲੂਕਾ ਅੱਜ ਇੱਥੇ ਸੁਖਬੀਰ ਸਿੰਘ ਬਾਦਲ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੀ ਧਾਰਮਿਕ ਸੇਵਾ ਮੌਕੇ ਪੁੱਜੇ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਕਿਉਂਕਿ ਨਾ ਕਿਧਰੇ ਵਿਕਾਸ ਹੋ ਰਿਹੈ ਅਤੇ ਨਾ ਹੀ ਕਿਸੇ ਵਰਗ ਦੀ ਭਲਾਈ ਦੇ ਕੰਮ। ਇਸ ਲਈ ਲੋਕ ਪਿਛਲੇ ਪੰਜ ਸਾਲ ਰਾਜ ਕਰ ਚੁੱਕੀ ਕਾਂਗਰਸ ਅਤੇ ਮੌਜੂਦਾ ‘ਆਪ’ ਸਰਕਾਰ ਤੋਂ ਤੰਗ ਆ ਚੁੱਕੇ ਹਨ। ਇਸ ਲਈ ਸੂਬੇ ਦੇ ਲੋਕ ਅਕਾਲੀ ਸਰਕਾਰਾਂ ਸਮੇਂ ਪੰਜਾਬ ਦੇ ਹੋਏ ਵਿਕਾਸ ਅਤੇ ਲੋਕ ਭਲਾਈ ਕਾਰਜਾਂ ਨੂੰ ਯਾਦ ਕਰਦਿਆਂ ਫਿਰ ਤੋਂ ਅਕਾਲੀ ਸਰਕਾਰ ਆਉਣ ਦੀ ਉਡੀਕ ਕਰਨ ਲੱਗ ਗਏ ਹਨ ਪਰ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਾਰੇ ਅਕਾਲੀ ਹੁਣ ਇਕਜੁੱਟ ਹੋ ਜਾਣ। ਉਨ੍ਹਾਂ ਅਨੁਸਾਰ ਇਕਜੁੱਟਤਾ ਨਾਲ ਹੀ 2027 ’ਚ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾ ਸਕਦੀ ਹੈ ਪਰ ਜੇਕਰ ਸਾਰੇ ਅਲੱਗ ਅਲੱਗ ਰਹੇ ਤਾਂ ਫਿਰ ਵੱਡੇ ਸਿਆਸੀ ਨੁਕਸਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਅਕਾਲੀ ਲੀਡਰਸ਼ਿਪ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਰਕਾਰ ਬਣਾਉਣ ਲਈ ਭਾਜਪਾ ਨੂੰ ਵੀ ਨਾਲ ਲੈ ਕੇ ਚੱਲਣਾ ਜ਼ਰੂਰੀ ਹੋਵੇਗਾ। ਮਲੂਕਾ ਵੱਲੋਂ ਅਕਾਲ ਤਖ਼ਤ ਸਾਹਿਬ ਉੱਪਰ ਪੇਸ਼ ਨਾ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਜਿਸ ਦਿਨ ਸਮੁੱਚੀ ਅਕਾਲੀ ਲੀਡਰਸ਼ਿਪ ਬੁਲਾਈ ਗਈ ਸੀ ਉਸ ਦਿਨ ਉਹ ਬਿਮਾਰ ਸਨ ਪਰ ਹੁਣ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਵੇਗਾ ਉਹ ਨਿਮਾਣੇ ਸਿੱਖ ਵਜੋਂ ਪੇਸ਼ ਹੋਣਗੇ।

The post Punjab News: ਜੇਕਰ ਅਕਾਲੀ ਹੁਣ ਵੀ ਇਕੱਠੇ ਨਾ ਹੋਏ ਤਾਂ ਵੱਡਾ ਸਿਆਸੀ ਨੁਕਸਾਨ ਹੋਵੇਗਾ: ਮਲੂਕਾ appeared first on Punjabi Tribune.



Source link