Khanna Sex Racket busted : ਖੰਨਾ ‘ਚ ਪੁਲਿਸ ਨੇ 3 ਸਪਾ ਸੈਂਟਰਾਂ ‘ਤੇ ਛਾਪੇਮਾਰੀ ਕਰਕੇ ਕਥਿਤ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਕਾਰਵਾਈ ਦੌਰਾਨ 6 ਵਿਦੇਸ਼ੀ ਨੌਜਵਾਨੀਆਂ ਅਤੇ ਇੱਕ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 4 ਲੜਕੀਆਂ ਅਤੇ 2 ਸਪਾ ਸੈਂਟਰ ਸੰਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਛਾਪੇਮਾਰੀ ਦੌਰਾਨ ਕੁਝ ਲੜਕੀਆਂ ਆਪਣਾ ਸਮਾਨ ਸਮੇਟਦੀਆਂ ਨਜ਼ਰ ਆਈਆਂ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਗ੍ਰਿਫ਼ਤਾਰ ਕੀਤੀਆਂ ਗਈਆਂ ਲੜਕੀਆਂ ਥਾਈਲੈਂਡ ਦੀਆਂ ਦੱਸੀਆਂ ਜਾ ਰਹੀਆਂ ਹਨ, ਜਦਕਿ ਫ਼ਰਾਰ ਹੋਈਆਂ ਲੜਕੀਆਂ ਹਰਿਆਣਾ ਅਤੇ ਦਿੱਲੀ ਦੀਆਂ ਰਹਿਣ ਵਾਲੀਆਂ ਹਨ।
ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਖੰਨਾ ਦੇ ਸਿਟੀ ਸੈਂਟਰ ਵਿੱਚ ਸਥਿਤ ਨਿਊ ਏਰਾ, ਡਾਇਮੰਡ ਅਤੇ ਰਿਲੈਕਸ ਥਾਈ ਸਪਾ ਸੈਂਟਰਾਂ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ। ਇਨ੍ਹਾਂ ਸੂਚਨਾਵਾਂ ਦੇ ਆਧਾਰ ‘ਤੇ ਥਾਣਾ ਸਿਟੀ-2 ਦੀ ਪੁਲਿਸ ਨੇ ਵੀਰਵਾਰ ਨੂੰ ਛਾਪੇਮਾਰੀ ਕੀਤੀ ਅਤੇ ਤਿੰਨਾਂ ਸਪਾ ਸੈਂਟਰਾਂ ਦੀ ਜਾਂਚ ਕੀਤੀ।
ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਗਠਿਤ
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਸਪਾ ਸੈਂਟਰ ਦਾ ਸੰਚਾਲਕ ਕਪਤਾਨ ਸਿੰਘ, ਜੋ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਹੈ, ਅਤੇ ਦੂਜੇ ਸਪਾ ਸੈਂਟਰ ਦਾ ਸੰਚਾਲਕ ਮਨੋਜ ਪੁਲਿਸ ਕਾਰਵਾਈ ਤੋਂ ਪਹਿਲਾਂ ਹੀ ਫ਼ਰਾਰ ਹੋ ਗਏ। ਪੁਲਿਸ ਨੇ ਦੋਵਾਂ ਖ਼ਿਲਾਫ਼ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਹਨ।
ਠਿਕਾਣੇ ਬਦਲ ਕੇ ਚਲਾਇਆ ਜਾ ਰਿਹਾ ਸੀ ਗੈਰਕਾਨੂੰਨੀ ਧੰਦਾ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੰਬੇ ਸਮੇਂ ਤੋਂ ਆਪਣੇ ਠਿਕਾਣੇ ਬਦਲ-ਬਦਲ ਕੇ ਕਥਿਤ ਗੈਰਕਾਨੂੰਨੀ ਗਤੀਵਿਧੀਆਂ ਚਲਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਸਿਟੀ ਸੈਂਟਰ ਵਿੱਚ ਆਪਣੇ ਸਪਾ ਸੈਂਟਰ ਸ਼ੁਰੂ ਕੀਤੇ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।
ਕਾਨੂੰਨ ਅਨੁਸਾਰ ਕੀਤੀ ਜਾ ਰਹੀ ਹੈ ਕਾਰਵਾਈ
ਥਾਣਾ ਸਿਟੀ-2 ਦੇ ਇੰਚਾਰਜ ਇੰਸਪੈਕਟਰ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੇ ਕਿਸੇ ਹੋਰ ਵਿਅਕਤੀ ਦੀ ਵੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।








