ਕਲਾਕ੍ਰਿਤੀ ਭਵਨ ਵਿੱਚ ਨਾਟਕ ‘ਜਬ ਰੋਸ਼ਨੀ ਹੋਤੀ ਹੈ’ ਖੇਡਿਆ


ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਮਾਰਚ
ਹਰਿਆਣਾ ਕਲਾ ਪ੍ਰੀਸ਼ਦ ਦੀ ਹਫਤਾਵਾਰੀ ਸ਼ਾਮ ਦੌਰਾਨ ਚੰਡੀਗੜ੍ਹ ਦੇ ਕਲਾਕਾਰਾਂ ਨੇ ਕਲਾਕ੍ਰਿਤੀ ਭਵਨ ਵਿੱਚ ਨਾਟਕ ‘ਜਬ ਰੋਸ਼ਨੀ ਹੋਤੀ ਹੈ’ ਦਾ ਮੰਚਨ ਕੀਤਾ। ਇਸ ਦੌਰਾਨ ਗੀਤਾ ਵਿੱਦਿਆ ਮੰਦਿਰ ਦੇ ਮੈਨੇਜਰ ਰਾਜੇਸ਼ ਗੋਇਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਪ੍ਰਧਾਨਗੀ ਵਿੱਦਿਆ ਭਾਰਤੀ ਦੇ ਜ਼ਿਲ੍ਹਾ ਕੋਆਰਡੀਨੇਟਰ ਤੇ ਕੇ ਡੀਬੀ ਮੈਂਬਰ ਅਸ਼ੋਕ ਰੋਸ਼ਾ ਨੇ ਕੀਤੀ। ਇਹ ਨਾਟਕ ਬਨਿੰਦਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇੰਪੈਕਟ ਆਰਟਸ ਚੰਡੀਗੜ੍ਹ ਦੇ ਕਲਾਕਾਰਾਂ ਵਲੋਂ ਪੇਸ਼ ਕੀਤੇ ਗਏ ਇਸ ਨਾਟਕ ਵਿਚ ਰਾਜੇ ਵਲੋਂ ਆਪਣੇ ਇਲਾਕੇ ਦੇ ਲੋਕਾਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਦਰਸਾਇਆ ਗਿਆ ਹੈ। ਆਪਣੀ ਬਾਦਸ਼ਾਹਤ ਨੂੰ ਦਰਸਾਉਂਦੇ ਹੋਏ ਉਹ ਆਪਣੀ ਪਰਜਾ ਨੂੰ ਤੰਗ ਕਰਦਾ ਹੈ ਤੇ ਉਨ੍ਹਾਂ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਲੋਕਾਂ ਨੂੰ ਨਾ ਤਾਂ ਚੰਗਾ ਖਾਣਾ ਖਾਣ ਤੇ ਨਾ ਹੀ ਚੰਗੇ ਕੱਪੜੇ ਪਾਉਣ ਨੂੰ ਦਿੱਤੇ ਜਾਂਦੇ ਸਨ। ਇਕ ਦਿਨ ਇਕ ਸੱਚਾ ਆਦਮੀ ਆਉਂਦਾ ਹੈ ਤੇ ਉਹ ਰਾਜੇ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਸੱਚਾ ਮਨੁੱਖ ਲੋਕਾਂ ਨੂੰ ਜਗਾਉਂਦਾ ਹੈ ਅਤੇ ਰਾਜੇ ਪ੍ਰਤੀ ਬਗਾਵਤ ਸ਼ੁਰੂ ਕਰ ਦਿੰਦਾ ਹੈ ਜਿਸ ਕਰਕੇ ਰਾਜਾ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਉਸ ਵਿਅਕਤੀ ਨੂੰ ਮਾਰਨ ਦਾ ਹੁਕਮ ਦਿੰਦਾ ਹੈ। ਆਖਰ ਵਿਚ ਲੋਕ ਸੱਚੇ ਆਦਮੀ ਦਾ ਸਮਰਥਨ ਕਰਦੇ ਹਨ ਤੇ ਰਾਜੇ ਦਾ ਵਿਰੋਧ ਕਰਦੇ ਹਨ। ਇਸ ਤਰਾਂ ਝੂਠ ’ਤੇ ਸੱਚ ਦੀ ਜਿੱਤ ਹੋ ਜਾਂਦੀ ਹੈ। ਦਰਸ਼ਕਾਂ ਵਲੋਂ ਕਲਾਕਾਰਾਂ ਤੇ ਨਿਰਦੇਸ਼ਕ ਦੀ ਭਰਪੂਰ ਸ਼ਲਾਘਾ ਕੀਤੀ ਗਈ। ਕਲਾਕਾਰਾਂ ਵਿਚ ਸੌਰਭ, ਸੁਮਿਤ ਸੁਆਮੀ, ਰਜਤ, ਅੰਮ੍ਰਿਤਪਾਲ ਸਿੰਘ, ਕ੍ਰਿਸ਼ਨਾ, ਦਾਨਿਸ਼, ਸ਼ਰਨ, ਜਤਨ, ਨੇਹਾ ਧੀਮਾਨ, ਨਵੀਨ ਅਰੋੜਾ, ਪ੍ਰਨੀਤ ਕੌਰ, ਏਕਮ ਚਰਨਜੀਤ ਸਿੰਘ,ਹਰਵਿੰਦਰ ਸਿੰਘ, ਕਮਲਦੀਪ ਕੌਰ, ਗਗਨਦੀਪ ਸ਼ਿਵਮ, ਗੁਰਵਿੰਦਰ ਆਦਿ ਸ਼ਾਮਲ ਸਨ। ਅੰਤ ਵਿਚ ਨਾਟਕ ਨਿਰਦੇਸ਼ਕ ਬਨਿੰਦਰਜੀਤ ਸਿੰਘ ਨੂੰ ਮੁੱਖ ਮਹਿਮਾਨ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਮੀਡੀਆ ਇੰਚਾਰਜ ਵਿਕਾਸ ਸ਼ਰਮਾ ਨੇ ਬਾਖੂਬੀ ਕੀਤਾ।

The post ਕਲਾਕ੍ਰਿਤੀ ਭਵਨ ਵਿੱਚ ਨਾਟਕ ‘ਜਬ ਰੋਸ਼ਨੀ ਹੋਤੀ ਹੈ’ ਖੇਡਿਆ appeared first on Punjabi Tribune.



Source link