ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਦਸੰਬਰ
ਲੰਡਨ ਦੇ ਇਕ ਅਖਬਾਰ ਨੇ ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ’ਤੇ ਗੁਰਦਿਆਂ ਦੀ ਗੈਰ-ਕਾਨੂੰਨੀ ਖਰੀਦ ਅਤੇ ਟ੍ਰਾਂਸਪਲਾਂਟੇਸ਼ਨ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਹਸਪਤਾਲ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਦੂਜੇ ਪਾਸੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਅਧੀਨ ਨੈਸ਼ਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟੇਸ਼ਨ ਆਰਗੇਨਾਈਜ਼ੇਸ਼ਨ (ਨੋਟੋ) ਨੇ ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਖਿਲਾਫ ਕਿਡਨੀ ਦੇ ਬਦਲੇ ਨਕਦ ਘੁਟਾਲੇ ਦੇ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਐਸਬੀ ਦੀਪਕ ਕੁਮਾਰ ਵੱਲੋਂ ਦੱਸਿਆ ਗਿਆ ਕਿ ਉਹ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਰਹੇ ਹਨ। ਇੰਦਰਪ੍ਰਸਥ ਮੈਡੀਕਲ ਕਾਰਪੋਰੇਸ਼ਨ ਲਿਮਟਿਡ (ਆਈਐਮਸੀਐਲ) ਨੇ ਰਿਪੋਰਟ ਨੂੰ ਰੱਦ ਕਰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਹਸਪਤਾਲ ਸਰਕਾਰੀ ਦਿਸ਼ਾ-ਨਿਰਦੇਸ਼ਾਂ ਸਮੇਤ ਟ੍ਰਾਂਸਪਲਾਂਟ ਲਈ ਹਰ ਤਰ੍ਹਾਂ ਦੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਦਾ ਹੈ। ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਅਕਤੀਆਂ ਦਾ ਦਿੱਲੀ ਦੇ ਹਸਪਤਾਲ ਵਿਚ ਆਪ੍ਰੇਸ਼ਨ ਕੀਤਾ ਜਾਂਦਾ ਹੈ। ਨਿਯਮਾਂ ਅਨੁਸਾਰ ਗੈਰ-ਰਿਸ਼ਤੇਦਾਰ ਵਿਅਕਤੀ ਮਰੀਜ਼ਾਂ ਲਈ ਅੰਗਦਾਨ ਨਹੀਂ ਕਰ ਸਕਦੇ।
ਵਿਵਾਦ ਦੇ ਬਾਅਦ ਅਪੋਲੋ ਹਸਪਤਾਲ ਦੇ ਅਧਿਕਾਰੀਆਂ ਨੇ ਆਪਣੇ ਮੀਆਂਮਾਰ ਕੇਂਦਰ ਵਿੱਚ ਗੁਰਦੇ ਦੇ ਟ੍ਰਾਂਸਪਲਾਂਟ ਦੇ ਕੇਸਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਡਾਕਟਰ ਥੇਟ ਓ ਨੂੰ ਹਟਾ ਦਿੱਤਾ ਹੈ। ਹਸਪਤਾਲ ਨੇ ਇੱਕ ਬਿਆਨ ਜਾਰੀ ਕਰਕੇ ਦੋਸ਼ਾਂ ਨੂੰ ‘ਝੂਠ’ ਕਰਾਰ ਦਿੱਤਾ। ਹਸਪਤਾਲ ਨੇ ਕਿਹਾ ਕਿ ਹਸਪਤਾਲ ਟ੍ਰਾਂਸਪਲਾਂਟ ਪ੍ਰਕਿਰਿਆਵਾਂ ਲਈ ਹਰ ਤਰ੍ਹਾਂ ਦੇ ਕਾਨੂੰਨ ਦੀ ਪਾਲਣਾ ਕਰਦਾ ਹੈ।
The post ਗੁਰਦੇ ਵੇਚਣ ਦਾ ਮਾਮਲਾ: ਅਪੋਲੋ ਹਸਪਤਾਲ ਖ਼ਿਲਾਫ਼ ਜਾਂਚ ਦੇ ਹੁਕਮ appeared first on punjabitribuneonline.com.










