ਸਰਬਜੀਤ ਸਿੰਘ ਭੰਗੂ/ਮਾਨਵਜੋਤ ਭਿੰਡਰ
ਪਟਿਆਲਾ/ਡਕਾਲਾ, 23 ਅਗਸਤ
ਨੇੜਲੇ ਪਿੰਡ ਲਗੜੋਈ ਵਿੱਚ ਇੱਕ ਮਹਿਲਾ ਵੱਲੋਂ ਚਿੱਟਾ (ਹੈਰੋਇਨ) ਵੇਚਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਅਗਾਂਹਵਧੂ ਵਿਚਾਰਧਾਰਾ ਵਾਲੇ ਕਈ ਨੌਜਵਾਨ ਤੇ ਆਮ ਲੋਕ ਨਸ਼ਾ ਤਸਕਰੀ ਨੂੰ ਠੱਲ੍ਹ ਪਾਓਣ ਲਈ ਅੱਗੇ ਆਏ ਹਨ। ਉਨ੍ਹਾਂ ਨੇ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਪਟਿਆਲਾ ਸਥਿਤ ਦਫ਼ਤਰ ਪੁੱਜ ਕੇ ਨਸ਼ਾ ਤਸਕਰੀ ਦੀ ਰੋਕਥਾਮ ਲਈ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਇਨ੍ਹਾਂ ’ਚ ਸੂਲਰ, ਲਗੜੋਈ, ਮੈਣ ਅਤੇ ਸ਼ੇਰਮਾਜਰਾ ਦੇ ਲੋਕ ਸ਼ਾਮਲ ਰਹੇ।
ਇਨ੍ਹਾਂ ਦੀ ਗੱਲ ਸੁਣਨ ’ਤੇ ਨਸ਼ਿਆਂ ਦੀ ਤਸਕਰੀ ਅਤੇ ਪ੍ਰਕੋਪ ਉਪਰ ਸਖ਼ਤੀ ਨਾਲ ਰੋਕ ਲਾਉਣ ਦਾ ਭਰੋਸਾ ਦਿਵਾਉਂਦਿਆਂ, ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਗੜੋਈ ਅਤੇ ਸ਼ੇਰਮਾਜਰਾ ’ਚ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ, ਉਥੇ ਹੀ ਪੁਲੀਸ ਨਾਲ ਰਾਬਤਾ ਸਾਧ ਕੇ ਪੱਕੇ ਪੁਲੀਸ ਨਾਕਿਆਂ ਸਮੇਤ ਸੀਸੀਟੀਵੀ ਕੈਮਰੇ ਵਾਲੀਆਂ ਪੁਲੀਸ ਵੈਨਾਂ ਦੀ ਗਸ਼ਤ ਯਕੀਨੀ ਬਣਾਉਣ ਦੀ ਗੱਲ ਵੀ ਆਖੀ।
ਉਨ੍ਹਾਂ ਕਿਹਾ ਕਿ ਨੌਜਵਾਨਾ ਨਸ਼ਾ ਮੁਕਤੀ ਲਈ ਵੀ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਾ ਮੁਕਤੀ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਸਮੇਤ ਨਸ਼ਾ ਤਸਕਰੀ ’ਤੇ ਕਾਬੂ ਪਾਉਣ ਲਈ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਸਾਕੇਤ ਨਸ਼ਾ ਮੁਕਤੀ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਵੱਲੋਂ ਦੋਵਾਂ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਵੀ ਕੀਤੇ ਗਏ ਹਨ। ਉਨ੍ਹਾਂ ਸਾਕੇਤ ਹਸਪਤਾਲ ਵਿਖੇ 24 ਘੰਟੇ ਕਾਰਜਸ਼ੀਲ ‘ਸਹਿਯੋਗੀ ਹੈਲਪਲਾਈਨ 0175-2213385’ ਨੰਬਰ ਸਬੰਧੀ ਵੀ ਜਾਣੂ ਕਰਵਾਇਆ। ਜਿਥੋਂ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੇ ਮਾਨਸਿਕ ਸਿਹਤ ਬਾਰੇ ਸੁਝਾਅ ਲਏ ਜਾ ਸਕਦੇ ਹਨ। ਮੀਟਿੰਗ ’ਚ ਮੌਜੂਦ ਰਹੇ ਐੱਸਪੀ ਹੈੱਡਕੁਆਟਰ ਹਰਵੰਤ ਕੌਰ ਦਾ ਕਹਿਣਾ ਸੀ ਕਿ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਤਿੰਨ ਸੀਏਐੱਸਓ ਆਪਰੇਸ਼ਨ ਚਲਾਉਣ ਸਮੇਤ ਛਾਪੇ ਮਾਰੇ ਜਾ ਰਹੇ ਹਨ ਤੇ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ। ਪੰਜ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸ਼ੋਸਲ ਮੀਡੀਆ ’ਤੇ ਲਗੜੋਈ ਪਿੰਡ ਦੀ ਇਕ ਮਹਿਲਾ ਵੱਲੋਂ ਚਿੱਟਾ ਵੇਚਣ ਦੀ ਇੱੱਕ ਵੀਡੀਓ ਵਾਇਰਲ ਹੋਈ ਸੀ। ਜਿਸ ਮਗਰੋਂ ਇਸ ਕਦਰ ਲੋਕ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਸਾਹਮਣੇ ਆਓਣ ਲੱਗੇ ਹਨ।
ਚਿੱਟਾ ਵੇਚਣ ਵਾਲੇ ਦੀ ਜ਼ਮਾਨਤ ਨਹੀਂ ਕਰਵਾਉਣਗੇ ਨੰਬਰਦਾਰ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਨਸ਼ਿਆਂ ਖ਼ਿਲਾਫ਼ ਪਿੰਡ ਇੱਕਜੁਟ ਹੋ ਰਹੇ ਹਨ। ਜਿੱਥੇ ਪਿੰਡਾਂ ਵਿੱਚ ਨਸ਼ਾ ਰੋਕੂ ਕਮੇਟੀਆਂ ਬਣ ਰਹੀਆਂ ਹਨ,ਪਿੰਡ ਵਾਸੀ ਜਵਾਨੀ ਬਚਾਉਣ ਲਈ ਨਿੱਤਰ ਰਹੇ ਹਨ, ਉੱਥੇ ਸਬ-ਡਿਵੀਜ਼ਨ ਲਹਿਰਾਗਾਗਾ ਨਾਲ ਸਬੰਧਤ ਨੰਬਰਦਾਰਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਜ਼ਮਾਨਤ ਨਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਲਹਿਰਾਗਾਗਾ ਸਬ-ਡਿਵੀਜ਼ਨ ਦੇ ਨੰਬਰਦਾਰਾਂ ਦੀ ਮੀਟਿੰਗ ਇਥੇ ਮੰਡੀ ਵਾਲੇ ਗੁਰੂ-ਘਰ ਵਿਖੇ ਸਬ-ਡਿਵੀਜ਼ਨ ਦੇ ਪ੍ਰਧਾਨ ਹਰਦੀਪ ਸਿੰਘ ਚੰਗਾਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਸਬ-ਡਿਵੀਜ਼ਨ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਲਦਾਲ ਨੇ ਦੱਸਿਆ, ਕਿ ਜਿੱਥੇ ਨੰਬਰਦਾਰਾਂ ਵੱਲੋਂ ਮਤਾ ਪਾਸ ਹੋਇਆ, ਉੱਥੇ ਹੀ ਸਰਕਾਰ ਖਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਕਿ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਡੇਢ ਸਾਲ ਬੀਤਣ ਉਪਰੰਤ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ ਮੰਗਾਂ ਸਬੰਧੀ ਸਬੰਧਤ ਮੰਤਰੀਆਂ ਅਤੇ ਵਿਧਾਇਕ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਹ ਨੰਬਰਦਾਰੀ ਫਰਜ਼ਾਂ ਦੇ ਨਾਲ – ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਹਿੱਸਾ ਲੈਂਦੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਵੇ।
‘ਸਰਕਾਰ ਨਸ਼ਿਆਂ ਖ਼ਿਲਾਫ਼ ਫੇਲ੍ਹ ਹੋਈ’
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਮੀਟਿੰਗ ਕਰਕੇ ਫ਼ੈਸਲਾ ਲਿਆ ਹੈ ਕਿ ਛੇਤੀ ਹੀ ਪਿੰਡ ਦੇਧਨਾ, ਅਤਾਂਲਾ, ਮਰਦਾਂਹੇੜੀ, ਬ੍ਰਾਮਣਮਾਜਰਾ ਆਦਿ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾ ਕੇ ਨਸ਼ਿਆਂ ਦੀ ਭੇਂਟ ਚੜ੍ਹ ਰਹੀ ਜਵਾਨੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾਣਗੇ। ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਤੇ ਕੁਲਵੀਰ ਟੋਡਰਪੁਰ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਨਸ਼ਿਆਂ ਨੂੰ ਠੱਲ ਪਾਉਣ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ। ਇਸ ਮੌਕੇ ਗੁਰਦੀਪ ਆਜ਼ਾਦ, ਗੁਰਦੀਪ ਕਲਵਾਣੂ, ਦੀਪਕ ਰੰਗਾਂ, ਹੈਪੀ ਕਲਵਾਣੂ, ਚਮਕੌਰ ਕਲਵਾਣੂ, ਹੈਪੀ, ਸਤਵੀਰ, ਜਸਵਿੰਦਰ, ਪ੍ਰੀਤਪਾਲ ਕਲਵਾਣੂ ਆਦਿ ਹਾਜ਼ਰ ਸਨ।
The post ਚਿੱਟਾ ਵੇਚਣ ਦੀ ਵੀਡੀਓ ਵਾਇਰਲ ਹੋਣ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਡਟੇ ਲੋਕ appeared first on punjabitribuneonline.com.










