ਜੰਮੂ, 28 ਅਕਤੂਬਰ
ਜੰਮੂ-ਕਸ਼ਮੀਰ ਦੇ ਜੰਮੂ ਜ਼ਿਲ੍ਹੇ ’ਚ ਅਖ਼ਨੂਰ ਸੈਕਟਰ ਵਿਚ ਸੋਮਵਾਰ ਨੂੰ ਫ਼ੌਜ ਤੇ ਸੁਰੱਖਿਆ ਦਸਤਿਆਂ ਅਤੇ ਦਹਿਸ਼ਤਗਰਦਾਂ ਦਰਮਿਆਨ ਉਦੋਂ ਮੁਕਾਬਲਾ ਸ਼ੁਰੂ ਹੋ ਗਿਆ, ਜਦੋਂ ਦਹਿਸ਼ਤਗਰਦਾਂ ਨੇ ਇਕ ਫ਼ੌਜੀ ਵਾਹਨ ਉਤੇ ਘਾਤ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਆਖ਼ਰੀ ਖ਼ਬਰਾਂ ਮੁਤਾਬਕ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਰੁਕ ਗਈ ਸੀ ਪਰ ਸੁਰੱਖਿਆ ਦਸਤਿਆਂ ਦਾ ਅਰਪੇਸ਼ਨ ਜਾਰੀ ਸੀ।
ਅਧਿਕਾਰੀਆਂ ਨੇ ਕਿਹਾ, ‘‘ਅਖ਼ਨੂਰ ਦੇ ਬੱਤਲ ਖੇਤਰ ਵਿਚ ਬੀਤੇ ਅੱਧੇ ਕੁ ਘੰਟੇ ਤੋਂ ਗੋਲੀਬਾਰੀ ਰੁਕੀ ਹੋਈ ਹੈ। ਜਾਪਦਾ ਹੈ ਕਿ ਦਹਿਸ਼ਤਗਰਦ ਨੇੜਲੇ ਜੰਗਲੀ ਇਲਾਕੇ ਵੱਲ ਭੱਜ ਗਏ ਹਨ। ਅਪਰੇਸ਼ਨ ਜਾਰੀ ਹੈ।’’
ਜਾਣਕਾਰੀ ਮੁਤਾਬਕ ਦਹਿਸ਼ਤਗਰਦਾਂ ਦੀ ਗਿਣਤੀ ਤਿੰਨ ਸੀ, ਜਿਨ੍ਹਾਂ ਫ਼ੌਜ ਦੀ ਇਕ ਗੱਡੀ ਉਤੇ ਘਾਤ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੋਵੇਂ ਪਾਸਿਆਂ ਤੋਂ ਮੁਕਾਬਲਾ ਸ਼ੁਰੂ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ, ‘‘ਦਹਿਸ਼ਤਗਰਦਾਂ ਦੀ ਹਮਲੇ ਦੀ ਕੋਸ਼ਿਸ਼ ਨਾਕਾਮ ਰਹੀ, ਜਿਸ ਤੋਂ ਬਾਅਦ ਇਲਾਕੇ ਨੂੰ ਘੇਰਾ ਪਾ ਕੇ ਅਪਰੇਸ਼ਨ ਸ਼ੁਰੂ ਕੀਤਾ ਗਿਆ। ਦੋਵਾਂ ਧਿਰਾਂ ਦਰਮਿਆਨ ਗੋਲੀਬਾਰੀ ਜਾਰੀ ਹੈ ਅਤੇ ਦਹਿਸ਼ਤਗਰਦਾਂ ਦੇ ਬਚ ਨਿਕਲਣ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਹਨ।’’ ਪਰ ਬਾਅਦ ਵਿਚ ਗੋਲੀਬਾਰੀ ਰੁਕ ਗਈ।
ਗ਼ੌਰਤਲਬ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਲਈ ਹੋਈਆਂ ਪੁਰਅਮਨ ਚੋਣਾਂ, ਜਿਨ੍ਹਾਂ ਵਿਚ ਲੋਕਾਂ ਨੇ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ ਤੋਂ ਬਾਅਦ ਦਹਿਸ਼ਤਗਰਦਾਂ ਨੇ ਸਰਹੱਦ-ਪਾਰੋਂ ਆਪਣੇ ਆਕਾਵਾਂ ਤੋਂ ਮਿਲੀਆਂ ਹਦਾਇਤਾਂ ਮੁਤਾਬਕ ਜੰਮੂ-ਕਸ਼ਮੀਰ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਬੀਤੇ ਵੀਰਵਾਰ ਨੂੰ ਦਹਿਸ਼ਤਗਰਦਾਂ ਨੇ ਗੁਲਮਰਗ ਵਿਚ ਫ਼ੌਜ ਦੇ ਇਕ ਵਾਹਨ ਉਤੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਦੋ ਫ਼ੌਜੀ ਜਵਾਨਾਂ ਅਤੇ ਦੋ ਸਿਵਲ ਮਜ਼ਦੂਰਾਂ ਦੀ ਜਾਨ ਜਾਂਦੀ ਰਹੀ ਸੀ। -ਆਈਏਐੱਨਐੱਸ
The post ਜੰਮੂ-ਕਸ਼ਮੀਰ: ਅਖ਼ਨੂਰ ਵਿੱਚ ਫ਼ੌਜੀ ਵਾਹਨ ’ਤੇ ਹਮਲੇ ਦੀ ਕੋਸ਼ਿਸ਼ ਪਿੱਛੋਂ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ’ਚ ਮੁਕਾਬਲਾ appeared first on Punjabi Tribune.









