ਬਟਾਲਾ ਗ੍ਰੇਨੇਡ ਹਮਲਾ ਮਾਮਲਾ: ਪੁਲਿਸ ਦੇ ਹੱਥ ਵੱਡੀ ਕਾਮਯਾਬੀ, 2 ਨਾਬਾਲਗ ਕਾਬੂ, ਤੀਜੇ ਦੀ ਭਾਲ ਜਾਰੀ

ਬਟਾਲਾ ਗ੍ਰੇਨੇਡ ਹਮਲਾ ਮਾਮਲਾ: ਪੁਲਿਸ ਦੇ ਹੱਥ ਵੱਡੀ ਕਾਮਯਾਬੀ, 2 ਨਾਬਾਲਗ ਕਾਬੂ, ਤੀਜੇ ਦੀ ਭਾਲ ਜਾਰੀ


ਬਟਾਲਾ: ਬਟਾਲਾ ਦੀ ਅਰਬਨ ਐਸਟੇਟ ਪੁਲਿਸ ਚੌਂਕੀ ‘ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਪੰਜਾਬ ਅਤੇ ਬਟਾਲਾ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਨਾਬਾਲਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਸ ਮਾਮਲੇ ਨਾਲ ਜੁੜੇ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ।

ਬਾਰਡਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਹਮਲੇ ਵਿੱਚ ਕੁੱਲ ਤਿੰਨ ਨੌਜਵਾਨ ਸ਼ਾਮਲ ਸਨ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨਾਬਾਲਗ ਬਟਾਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਸੋਸ਼ਲ ਮੀਡੀਆ ਵੀਡੀਓ ਦੀ ਵੀ ਜਾਂਚ

ਗ੍ਰੇਨੇਡ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਸੰਗਠਨ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਸੀ। ਪੁਲਿਸ ਇਸ ਵੀਡੀਓ ਅਤੇ ਮਾਮਲੇ ਨਾਲ ਜੁੜੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਨੌਜਵਾਨਾਂ ਦੇ ਪਿੱਛੇ ਹੋਰ ਕਿਹੜੇ ਲੋਕ ਜਾਂ ਨੈੱਟਵਰਕ ਸਰਗਰਮ ਹਨ।

‘ਆਪ੍ਰੇਸ਼ਨ ਪ੍ਰਹਾਰ-4’ ਤਹਿਤ ਵੱਡਾ ਸਰਚ ਆਪ੍ਰੇਸ਼ਨ

ਘਟਨਾ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਨੇ ‘ਆਪ੍ਰੇਸ਼ਨ ਪ੍ਰਹਾਰ-4’ ਤਹਿਤ ਸੂਬਾ ਪੱਧਰੀ ਕਾਰਵਾਈ ਸ਼ੁਰੂ ਕੀਤੀ। ਬਟਾਲਾ ਪੁਲਿਸ, ਕਾਊਂਟਰ ਇੰਟੈਲੀਜੈਂਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਸਵੇਰੇ ਕਰੀਬ 4 ਵਜੇ ਤੋਂ ਵਿਸ਼ਾਲ ਸਰਚ ਆਪ੍ਰੇਸ਼ਨ ਚਲਾਇਆ ਗਿਆ।

ਇਸ ਦੌਰਾਨ ਬਟਾਲਾ, ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ, ਸ਼੍ਰੀ ਹਰਗੋਬਿੰਦਪੁਰ ਸਾਹਿਬ, ਕਾਦੀਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਰੀਬ 1,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਤਲਾਸ਼ੀ ਮੁਹਿੰਮ ਦੌਰਾਨ ਸੈਂਕੜੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਲੋਕਾਂ ਨੂੰ ਕੀਤੀ ਅਪੀਲ

ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗੈਰ-ਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਜਿਹੀਆਂ ਵਾਰਦਾਤਾਂ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕਦਾ ਹੈ।



Source link