ਟਿਕੈਤ ਵੱਲੋਂ ਸੰਸਦ ਭਵਨ ’ਤੇ ਪ੍ਰਦਰਸ਼ਨ ਦਾ ਪੋਸਟਰ ਜਾਰੀ

ਟਿਕੈਤ ਵੱਲੋਂ ਸੰਸਦ ਭਵਨ ’ਤੇ ਪ੍ਰਦਰਸ਼ਨ ਦਾ ਪੋਸਟਰ ਜਾਰੀ


ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਮੌਨਸੂਨ ਸੈਸ਼ਨ ਦੌਰਾਨ ਕਿਸਾਨਾਂ ਵੱਲੋਂ ਸੰਸਦ ਭਵਨ ‘ਤੇ ਪ੍ਰਦਰਸ਼ਨ ਵੱਲ ਜਾਣ ਨਾਲ ਸਬੰਧਤ ਪੋਸਟਰ ਟਵੀਟ ਕਰਕੇ ਜਾਰੀ ਕੀਤਾ ਗਿਆ ਜਿਸ ਪ੍ਰਤੀ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਰੀਟਵੀਟ ਕੀਤਾ ਗਿਆ। ਉਨ੍ਹਾਂ ਨਾਲ ਲਿਖਿਆ ਕਿ ਸੰਸਦ ਅਗਰ ਹੰਕਾਰੀ ਤੇ ਅੜੀਅਲ ਹੈ ਤਾਂ ਦੇਸ਼ ਵਿੱਚ ਲੋਕਕ੍ਰਾਂਤੀ ਤੈਅ ਹੁੰਦੀ ਹੈ। ਉਹ ਉੱਤਰ ਪ੍ਰਦੇਸ਼ ਵਿੱਚ ਵੀ ਭਾਜਪਾ ਨੂੰ ‘ਵੋਟ ਦੀ ਚੋਟ’ ਦੇਣ ਦੀ ਤਿਆਰੀ ਵਿੱਚ ਹਨ ਜਿਵੇਂ ਕਿਸਾਨਾਂ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਖ਼ਿਲਾਫ਼ ਮੁਹਿੰਮ ਚਲਾਈ ਸੀ। ਸ੍ਰੀ ਟਿਕੈਤ ਵੱਲੋਂ ਜਾਰੀ ਪੋਸਟਰ ਵਿੱਚ ਸੰਸਦ ਭਵਨ ਦੀ ਤਸਵੀਰ ਦੇ ਨਾਲ ਕਣਕ ਦੀਆਂ ਬੱਲੀਆਂ ਦਰਸਾਈਆਂ ਗਈਆਂ ਹਨ ਅਤੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਝਲਕ ਦਿਖਾਈ ਗਈ ਹੈ।

ਰਿਆਣਾ ‘ਚ ਭਾਜਪਾ ਵੱਲੋਂ ਵਿਦਿਅਕ ਅਦਾਰਿਆਂ ਦੀ ਵਰਤੋਂ ਕਰਨ ਦੀ ਨਿਖੇਧੀ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਭਾਰਤ ਦੀ ਕਿਸਾਨੀ ਨੂੰ ਕੌਮੀ ਰਾਜਧਾਨੀ ਵਿਚ ਰਹਿਣ ਤੇ ਦੇਸ਼ ਦੀਆਂ ਲੋਕਤੰਤਰ ਦੀ ਸਭ ਤੋਂ ਉੱਚ ਸੰਸਥਾ ਸੰਸਦ ‘ਚ ਆਪਣੀਆਂ ਸ਼ਿਕਾਇਤਾਂ ਕਰਨ ਦਾ ਪੂਰਾ ਅਧਿਕਾਰ ਹੈ। ਕਿਸਾਨਾਂ ਨੂੰ ਪ੍ਰਦਰਸ਼ਨ ਤੋਂ ਰੋਕਣ ਦੀ ਕੋਈ ਵੀ ਕੋਸ਼ਿਸ਼ ਗ਼ੈਰ-ਕਾਨੂੰਨੀ ਅਤੇ ਗ਼ੈਰ-ਸੰਵਿਧਾਨਕ ਹੋਵੇਗੀ। ਇਸ ਸਬੰਧ ਵਿੱਚ ਮੋਰਚੇ ਦੇ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕੀਤੇ ਹਨ। ਇਸ ਰਾਹੀਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ। ਮੋਰਚੇ ਦੇ ਸੱਦੇ ‘ਤੇ 22 ਜੁਲਾਈ ਤੋਂ ਸੰਸਦ ਦੇ ਮੌਨਸੂਨ ਸੈਸ਼ਨ ਦੀ ਸਮਾਪਤੀ ਤੱਕ ਸੰਸਦ ਵਿੱਚ ਕਿਸਾਨਾਂ ਦੇ ਵਿਰੋਧ ਦੀ ਤਿਆਰੀ ਜ਼ੋਰਾਂ ‘ਤੇ ਹੈ। ਸੰਯੁਕਤ ਕਿਸਾਨ ਮੋਰਚੇ ਨੇ ਹਾਲ ਹੀ ਹਰਿਆਣਾ ਵਿੱਚ ਭਾਜਪਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਾਰਟੀ ਦੀਆਂ ਮੀਟਿੰਗਾਂ ਤੇ ਰਾਜਨੀਤਕ ਗਤੀਵਿਧੀਆਂ ਕਰਨ ਦੀ ਨਿਖੇਧੀ ਕੀਤੀ ਹੈ। 17 ਜੁਲਾਈ ਨੂੰ ਮੋਰਚਾ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਗ਼ੈਰ-ਐਨਡੀਏ ਸੰਸਦ ਮੈਂਬਰਾਂ ਨੂੰ ਪੱਤਰ ਜਾਰੀ ਕਰੇਗਾ। ਮੰਗ ਕੀਤੀ ਜਾਵੇਗੀ ਕਿ ਉਹ ਸੰਸਦ ਵਿਚ ਕਿਸਾਨਾਂ ਦੀਆਂ ਮੰਗਾਂ ਨੂੰ ਚੁੱਕਣ ਤੇ ਯਕੀਨੀ ਬਣਾਉਣ ਕਿ ਸੰਸਦ ਵਿੱਚ ਕਿਸੇ ਹੋਰ ਕਾਰਵਾਈ ਤੋਂ ਪਹਿਲਾਂ ਇਨ੍ਹਾਂ ਮੰਗਾਂ ‘ਤੇ ਚਰਚਾ ਕੀਤੀ ਜਾਵੇ।

ਕਾਰਪੋਰੇਟ ਦਾ ਖੇਤੀ ਸੈੱਕਟਰ ‘ਤੇ ਕਬਜ਼ਾ ਵਿਨਾਸ਼ਕਾਰੀ ਹੋਵੇਗਾ: ਪੰਧੇਰ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾਈ ਆਗੂ ਗੁਰਚਰਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰ ਬਾਲਾਂ, ਲਖਵਿੰਦਰ ਸਿੰਘ ਵਰਿਆਮ ਨੰਗਲ, ਜਰਮਨਜੀਤ ਸਿੰਘ ਬੰਡਾਲਾ ਆਗੂਆਂ ਨੇ ਦੱਸਿਆ ਕਿ ਮਹਾਰਾਸ਼ਟਰ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਾਰਪੋਰੇਟ ਦਾ ਪੱਖ ਪੂਰਦਿਆਂ ਕਿਹਾ ਕਿ ਖੇਤੀ ਸੁਧਾਰਾਂ ਦੀ ਲੋੜ ਹੈ ਤਾਂ ਕਿ ਫ਼ਸਲ ਦੀ ਕਟਾਈ ਤੋਂ ਸੰਭਾਲ ਹੋਵੇ। ਫ਼ਸਲਾਂ ਦੀ ਸੰਭਾਲ ਦੇ ਨਾਂ ‘ਤੇ ਕਾਰਪੋਰੇਟ ਦਾ ਖੇਤੀ ਸੈੱਕਟਰ ‘ਤੇ ਕਬਜ਼ਾ ਵਿਨਾਸ਼ਕਾਰੀ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸੋਮਨਾਥ ਦਾ ਦਾਅਵਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ, ਕਿਸਾਨਾਂ ਨਾਲ ਧੋਖਾ ਹੀ ਨਹੀਂ ਸਾਜਿਸ਼ ਵੀ ਹੈ। ਮੋਦੀ ਸਰਕਾਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰ ਕੇ ਖਿੰਡਾਉਣਾ ਚਾਹੁੰਦੀ ਹੈ।



Source link