ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 28 ਅਕਤੂਬਰ
ਇਥੋਂ ਨੇੜਲੇ ਪਿੰਡ ਧੂੜਕੋਟ ਰਣਸੀਂਹ ਦੇ ਵਿਅਕਤੀ ਨੇ ਬੀਤੀ ਰਾਤ ਜ਼ਹਿਰੀਲੀ ਵਸਤ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਜਥੇਬੰਦੀਆਂ ਵੱਲੋਂ ਖੁਦਕੁਸ਼ੀ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀ ਸਮੇਤ ਹੋਰਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਥਾਣੇ ਮੂਹਰੇ ਧਰਨਾ ਲਗਾ ਦਿੱਤਾ ਹੈ। ਬੁਲਾਰਿਆਂ ਨੇ ਦੱਸਿਆ ਕਿ ਧੂੜਕੋਟ ਰਣਸੀਂਹ ਵਿੱਚ ਕਬੱਡੀ ਖ਼ਿਡਾਰੀ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਇੰਦਰਪਾਲ ਸਿੰਘ ਦਾ ਲੜਕਾ ਨਾਮਜ਼ਦ ਸੀ ਅਤੇ ਉਸ ਨੂੰ ਪੇਸ਼ ਕਰਵਾਉਣ ਲਈ ਪੁਲੀਸ ਪਰਿਵਾਰ ’ਤੇ ਕਥਿਤ ਦਬਾਅ ਪਾ ਰਹੀ ਸੀ। ਇੰਦਰਪਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਪਤੀ ਨੂੰ ਲੰਘੀ ਰਾਤ ਪਤਵੰਤੇ ਥਾਣੇ ’ਚੋਂ ਘਰ ਲੈ ਕੇ ਗਏ ਸਨ। ਰਾਤ ਨੂੰ ਇੱਕ ਵਜੇ ਇੰਦਰਪਾਲ ਨੂੰ ਥਾਣੇ ਤੋਂ ਮੁੜ ਫੋਨ ਆ ਗਿਆ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਸਲਫਾਸ ਦੀ ਗੋਲੀ ਖਾਕੇ ਖ਼ੁਦਕੁਸ਼ੀ ਕਰ ਲਈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਭਰਾਤਰੀ ਜਥੇਬੰਦੀਆਂ ਨੇ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਥਾਣਾ ਮੁਖੀ ਸਮੇਤ ਹੋਰ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
The post ਨਿਹਾਲ ਸਿੰਘ ਵਾਲਾ: ਪੁਲੀਸ ਤੋਂ ਪ੍ਰੇਸ਼ਾਨ ਵਿਅਕਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੀ, ਕਿਸਾਨ ਜਥੇਬੰਦੀਆਂ ਨੇ ਥਾਣੇ ਅੱਗੇ ਧਰਨਾ ਲਗਾਇਆ appeared first on punjabitribuneonline.com.










