ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ

ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ


ਆਤਿਸ਼ ਗੁਪਤਾ
ਚੰਡੀਗੜ੍ਹ, 29 ਅਕਤੂਬਰ
ਯੂਟੀ ਪ੍ਰਸ਼ਾਸਨ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਨੂੰ ਵੱਡਾ ਝਟਕਾ ਦਿੰਦਿਆਂ ਸ਼ਹਿਰ ’ਚ ਮੁੜ ਤੋਂ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ ਅੱਜ ਦੁਪਹਿਰ ਸਮੇਂ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਲਈ ਪੋਰਟਲ ਬੰਦ ਕਰ ਦਿੱਤਾ। ਯੂਟੀ ਪ੍ਰਸ਼ਾਸਨ ਨੇ 31 ਮਾਰਚ 2024 ਤੱਕ ਸ਼ਹਿਰ ਵਿੱਚ 1609 ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਦੀ ਛੋਟ ਦਿੱਤੀ ਸੀ ਪਰ ਅੱਜ ਦੁਪਹਿਰ ਤੱਕ ਹੀ ਸ਼ਹਿਰ ’ਚ 1609 ਪੈਟਰੋਲ ਵਾਲੇ ਦੁਪਹੀਆ ਵਾਹਨ ਰਜਿਸਟਰ ਹੋਣ ਮਗਰੋਂ ਇਸ ਸਾਲ ਦਾ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਦਾ ਕੋਟਾ ਪੂਰਾ ਹੋ ਗਿਆ।
ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਨੇ 20 ਸਤੰਬਰ 2022 ਨੂੰ ਸ਼ਹਿਰ ਵਿੱਚ ਇਲੈਕਟ੍ਰਿਕ ਵਹੀਕਲ ਪਾਲਿਸੀ-2022 ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਪਾਲਿਸੀ ਤਹਿਤ 31 ਮਾਰਚ 2024 ਤੱਕ 12076 ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਦਾ ਟੀਚਾ ਸੀ। ਇਹ ਟੀਚਾ ਸਤੰਬਰ ਮਹੀਨੇ ਵਿੱਚ ਹੀ ਪੂਰਾ ਹੋ ਗਿਆ ਸੀ, ਜਿਸ ਕਰ ਕੇ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਰੋਕ ਲਗਾ ਦਿੱਤੀ ਸੀ ਪਰ ਵਪਾਰੀਆਂ ਅਤੇ ਸਮੂਹ ਕੌਂਸਲਰਾਂ ਦੇ ਵਿਰੋਧ ਕਾਰਨ ਪ੍ਰਸ਼ਾਸਨ ਨੇ 18 ਅਕਤੂਬਰ ਨੂੰ ਛੋਟ ਦਿੰਦਿਆਂ 31 ਮਾਰਚ 2024 ਤੱਕ 1609 ਹੋਰ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਦੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਇਹ ਕੋਟਾ 11 ਦਿਨਾਂ ਵਿੱਚ ਹੀ ਪੂਰਾ ਹੋ ਗਿਆ, ਜਿਸ ਕਰ ਕੇ ਅੱਜ ਤੋਂ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ 10 ਆਟੋਮੋਬਾਈਲ ਡੀਲਰ ਹ, ਜੋ ਕਿ ਹਰ ਸਾਲ 20 ਹਜ਼ਾਰ ਪੈਟਰੋਲ ਵਾਲੇ ਦੁਪਹੀਆ ਵਾਲੇ ਵਾਹਨ ਵੇਚਦੇ ਸਨ। ਇਸ ਤਰ੍ਹਾਂ ਉਹ ਹਰ ਮਹੀਨੇ 1600 ਵਾਹਨ ਵੇਚਦੇ ਹਨ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਚਾਰ ਹਜ਼ਾਰ ਦੇ ਕਰੀਬ ਪੈਟਰੋਲ ਵਾਲੇ ਦੁਪਹੀਆ ਵਾਹਨ ਵੇਚੇ ਜਾਂਦੇ ਹਨ।

ਕਾਂਗਰਸ ਨੇ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਨਾ ਕਰਨ ਦੀ ਅਪੀਲ ਕੀਤੀ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਰੋਕ ਨਾ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਜਦੋਂ ਤੱਕ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਜਨਤਕ ਖੇਤਰ ਦੇ ਚਾਰਜਿੰਗ ਸਟੇਸ਼ਨ ਚਾਲੂ ਨਹੀਂ ਕੀਤੇ ਜਾਂਦੇ, ਉਦੋਂ ਤੱਕ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਨਹੀਂ ਕਰਨੀ ਚੀਹਾਦੀ ਹੈ। ਸ੍ਰੀ ਲੱਕੀ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਵੱਡੀ ਗਿਣਤੀ ਦੁਪਹੀਆ ਵਾਹਨ ਵਿਕਦੇ ਹਨ। ਅਜਿਹੇ ਸਮੇਂ ’ਤੇ ਰਜਿਸਟਰੇਸ਼ਨ ਬੰਦ ਨਹੀਂ ਹੋਣੀ ਚਾਹੀਦੀ ਹੈ।

The post ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ appeared first on punjabitribuneonline.com.



Source link