ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ


ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਅਕਤੂਬਰ
ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ’ਤੇ ਮੰਗਾਂ ਪ੍ਰਤੀ ਟਾਲ ਮਟੋਲ ਅਤੇ ਝੂਠੇ ਲਾਰੇ ਲਾਉਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਸੁਰਿੰਦਰ ਬਾਲੀਆਂ ਅਤੇ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਕੀਤੀ ਜਾ ਰਹੀ ਹੈ ਜਿਸ ਕਾਰਨ ਸਮੁੱਚੇ ਪੈਨਸ਼ਨਰ ਵਰਗ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਕੈਬਨਿਟ ਵੱਲੋਂ ਪ੍ਰਵਾਨ ਕਰਨ ਦੇ ਬਾਵਜੂਦ 01-01-2016 ਤੋਂ 30—06-2021 ਤੱਕ 66 ਮਹੀਨੇ ਦਾ ਬਕਾਇਆ, ਡੀ.ਏ. ਦੀਆਂ 8 ਫੀਸਦੀ ਦੀਆਂ ਦੋ ਕਿਸ਼ਤਾਂ, 2.59 ਦਾ ਫੈਕਟਰ ਲਾਗੂ ਕਰਨ, ਨੈਸ਼ਨਲ ਫਿਕਸੇਸ਼ਨ ਦਾ ਫਾਰਮੂਲਾ, ਲੀਵ ਇਨਕੈਸ਼ਮੈਂਟ ਅਤੇ ਗੂਰੈਚੂੱਟੀ ਆਦਿ ਦੇ ਬਣਾਏ ਨਹੀਂ ਦਿੱਤੇ ਜਾ ਰਹੇ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਸਤਾਏ ਬਜ਼ੁਰਗਾਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਾਥੀ ਜਗਦੀਸ਼ ਸਰਮਾ, ਸੁਰਿੰਦਰ ਬਾਲੀਆਂ, ਬਿੱਕਰ ਸਿੰਘ ਸਬਿੀਆਂ, ਸੀਤਾ ਰਾਮ ਸ਼ਰਤਾ, ਭਰਥਰੀ ਸਿੰਘ ਅਤੇ ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਗੱਲਬਾਤ ਤੋਂ ਲਗਾਤਾਰ ਭੱਜ ਰਹੀ ਹੈ। ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਰਵੱਈਏ ਖ਼ਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਦੇ ਸੱਦੇ ਤਹਿਤ 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਸੂਬਾਈ ਮੁਜ਼ਾਹਰੇ ਵਿਚ ਵੱਡੀ ਤਾਦਾਦ ’ਚ ਪੈਨਸ਼ਨਰ ਸ਼ਮੂਲੀਅਤ ਕਰਨਗੇ। ਇਸ ਮੌਕੇ ਸ਼ਵਿ ਕੁਮਾਰ ਸ਼ਰਮਾ, ਕੁਲਵੰਤ ਸਿੰਘ, ਜਸਪਾਲ ਸਿੰਘ, ਬਲਵੀਰ ਰਤਨ, ਮੁਕੰਦੀ ਲਾਲ, ਰਾਮ ਲਾਲ ਸ਼ਰਮਾ, ਕਰਨੈਲ ਸਿੰਘ , ਜੈ ਸਿੰਘ, ਬਾਲ ਕ੍ਰਿਸ਼ਨ ਚੌਹਾਨ, ਬਾਲ ਕਿਸ਼ਨ ਮੋਦਗਿਲ, ਅਮਰਜੀਤ ਸਿੰਘ, ਹਰਚਰਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਸੁਨਾਮ ਊਧਮ ਸਿੰਘ ਵਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਘੁੰਮਣ ਭਵਨ ਵਿੱਚ ਸੁਨਾਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਗੁਰਬਖ਼ਸ਼ ਸਿੰਘ ਜਖੇਪਲ, ਗੁਰਚਰਨ ਸਿੰਘ ਹਰੀਕਾ ਤੇ ਚੇਤ ਰਾਮ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਜਾਣ-ਬੁੱਝ ਕੇ ਅਣਗੌਲਿਆ ਕਰ ਰਹੀ ਹੈ ਅਤੇ ਸਰਕਾਰ ਦੀ ਬੇਰੁਖ਼ੀ ਕਾਰਨ ਪੈਨਸ਼ਨਰਾਂ ਨੂੰ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਪ੍ਰਦਰਸ਼ਨ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸ਼ਹਿਰ ਦਿੜ੍ਹਬੇ ਵਿੱਚ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਸਕੱਤਰ ਜਰਨੈਲ ਸਿੰਘ ਪੱਟੀ, ਕਨਵੀਨਰ ਅਜੀਤਪਾਲ ਸਿੰਘ ਜੱਸੋਵਾਲ, ਜਸਵਿੰਦਰ ਸਿੰਘ ਜੱਸਾ ਪਿਸ਼ੋਰੀਆ, ਕਰਮਜੀਤ ਤਾਮਕੋਟ, ਲਖਵਿੰਦਰ ਭੌਰ ਤੇ ਰਣਬੀਰ ਉੱਪਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਪਰ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਨੋਟੀਫਿਕੇਸ਼ਨ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਜਦੋਂ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸੂਬਾਈ ਆਗੂਆਂ ਨਾਲ 6 ਅਪਰੈਲ ਨੂੰ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਦੋ ਮਹੀਨਿਆਂ ਅੰਦਰ ਪੁਰਾਣੀ ਪੈਨਸ਼ਨ ਬਹਾਲੀ ਦਾ ਐੱਸਓਪੀ ਜਾਰੀ ਕਰ ਦਿੱਤਾ ਜਾਵੇਗਾ। ਛੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਆਪਣੇ ਵਾਅਦੇ ਨੂੰ ਅਮਲੀ ਜਾਮਾ ਨਹੀਂ ਪਹਨਿਾਇਆ ਗਿਆ ਜਿਸ ਕਰਕੇ ਪੰਜਾਬ ਦੇ ਦੋ ਲੱਖ ਐਨਪੀਐਸ ਮੁਲਾਜ਼ਮ ਨਿਰਾਸ਼ ਹਨ। ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਦੇ ਰਾਸ਼ਟਰੀ ਕਨਵੀਨਰ ਸ਼ਵਿ ਗੋਪਾਲ ਮਿਸ਼ਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦੋਗਲੀ ਨੀਤੀ ਦੀ ਰਾਸ਼ਟਰੀ ਪੱਧਰ ’ਤੇ ਪੋਲ ਖੋਲ੍ਹੀ ਜਾਵੇਗੀ ਤੇ ਐਨਪੀਐਸ ਦੇ ਵਿਰੋਧ ਤੇ ਪੁਰਾਣੀ ਪੈਨਸ਼ਨ ਬਹਾਲੀ ਲਈ 21 ਤੇ 22 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਮੰਚ ਵੱਲੋਂ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ, ਹਰਵਿੰਦਰ ਬਿਲਗਾ,ਵਰਿੰਦਰ ਵਿੱਕੀ,ਸਰਬਜੀਤ ਸਿੰਘ ਧਾਲੀਵਾਲ,ਪ੍ਰਭਜੀਤ ਰਸੂਲਪੁਰ, ਸੰਤਸੇਵਕ ਸਰਕਾਰੀਆ, ਨਿਰਮਲ ਪੱਖੋਕੇ, ਪ੍ਰੇਮ ਠਾਕੁਰ, ਡੀਟੀਐਫ਼ ਪ੍ਰਧਾਨ ਦਿਗਵਿਜੈ ਪਾਲ ਮੋਗਾ, ਜੀਟੀਯੂ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਨਿਰਮਲ ਮੋਗਾ ਨੇ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਕਨਵੀਨਰ ਗੁਰਦੀਪ ਚੀਮਾ ਲੁਧਿਆਣਾ ਆਦਿ ਵਿਅਕਤੀ ਹਾਜ਼ਰ ਸਨ।

The post ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ appeared first on punjabitribuneonline.com.



Source link