ਪੱਤਰ ਪ੍ਰੇਰਕ
ਬਨੂੜ, 15 ਮਾਰਚ
ਨਜ਼ਦੀਕੀ ਪਿੰਡ ਜਾਂਸਲਾ ਦੇ ਬੱਸ ਅੱਡੇ ਉੱਤੇ ਪੰਜਾਬੀ ਲੋਕ ਕਲਾ ਕੇਂਦਰ ਰਾਜਪੁਰਾ ਵੱਲੋਂ 27ਵਾਂ ਸੱਭਿਆਚਾਰਕ ਮੇਲਾ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਰਣਜੀਤ ਬਾਵਾ ਸਣੇ ਦਰਜਨਾਂ ਗਾਇਕਾਂ ਨੇ ਸੈਂਕੜੇ ਦਰਸ਼ਕਾਂ ਦਾ ਦੇਰ ਰਾਤ ਤੱਕ ਮਨੋਰੰਜਨ ਕੀਤਾ।
ਰਾਜਿੰਦਰ ਸਿੰਘ ਥੂਹਾ, ਭਗਵੰਤ ਸਿੰਘ ਬੂਟਾ ਸਿੰਘ ਵਾਲਾ, ਜਸਵਿੰਦਰ ਸਿੰਘ ਜੱਸੀ, ਗਗਨਦੀਪ ਸਿੰਘ ਪ੍ਰਿੰਸ ਤੇ ਕੁਲਬੀਰ ਸਿੰਘ ਹਾਸ਼ਮਪੁਰ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਸਵੇਰ ਸਮੇਂ ਲੱਗੇ ਖੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵੀ ਐਸਐਮਐਸ ਸੰਧੂ ਅਤੇ ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਬਾਗਾ ਨੇ ਕੀਤਾ। ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਹਸਪਤਾਲ ਤੋਂ ਆਈ ਟੀਮ ਨੇ 55 ਦਾਨੀਆਂ ਤੋਂ ਖੂਨ ਇਕੱਤਰ ਕੀਤਾ। ਦੁਪਹਿਰ ਬਾਅਦ ਪੱਤਰਕਾਰ ਸੁਰਿੰਦਰ ਸਿੰਘ ਚੰਡੀਗੜ੍ਹ ਅਤੇ ਗਾਇਕ ਅਵਤਾਰ ਤਾਰੀ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲੇ ਵਿੱਚ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸੰਸਥਾ ਲਈ ਇੱਕ ਲੱਖ ਰੁਪਏ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ, ਤੇਜਿੰਦਰ ਸਿੰਘ ਮਿੱਡੂ ਖੇੜਾ, ਡੀਐਸਪੀ ਰਾਜਪੁਰਾ ਸੁਰਿੰਦਰ ਮੋਹਨ ਰਾਏ, ਥਾਣਾ ਮੁਖੀ ਕੁਲਵੀਰ ਸਿੰਘ ਸੰਧੂੂ ਨੇ ਸ਼ਿਰਕਤ ਕੀਤੀ। ਮੇਲੇ ਦਾ ਆਗਾਜ਼ ਲੋਕ ਗਾਇਕ ਫੌਜੀ ਰਾਜਪੁਰੀ ਨੇ ਧਾਰਮਿਕ ਗੀਤ ਗਾ ਕੇ ਕੀਤਾ। ਇਸ ਮਗਰੋਂ ਇਲਾਕੇ ਦੇ ਗਾਇਕ ਸਤਵੀਰ ਸੱਤੀ, ਸੁਰਿੰਦਰ ਪੂਨੀਆ, ਗੁਰਪ੍ਰੀਤ ਵਿੱਕੀ, ਰੋਮੀ ਘੜਾਮਾਂ, ਦੋਗਾਣਾ ਜੋੜੀ ਮਿੰਟੂ ਧੂਰੀ ਤੇ ਦਲਜੀਤ ਕੌਰ ਅਤੇ ਕੁਲਵੰਤ ਬਿੱਲਾ ਤੇ ਕੁਲਵੰਤ ਕੌਰ ਨੇ ਦਰਸ਼ਕਾਂ ਦਾ ਮੰਨੋਰਜਨ ਕੀਤਾ। ਗਾਇਕਾ ਬੀਬਾ ਅਮਨ ਰੋਜ਼ੀ ਗੀਤ ਸੁਣਾ ਕੇ ਵਾਹ-ਵਾਹ ਖੱਟੀ। ਮੰਚ ਸੰਚਾਲਨ ਇਕਬਾਲ ਸਿੰਘ ਗੁੰਨੋਮਾਜਰਾ ਨੇ ਕੀਤਾ।








