ਲੁਧਿਆਣਾ ਵਿੱਚ ਮੀਂਹ ਮਗਰੋਂ ਠੰਢ ਨੇ ਜ਼ੋਰ ਫੜਿਆ

ਲੁਧਿਆਣਾ ਵਿੱਚ ਮੀਂਹ ਮਗਰੋਂ ਠੰਢ ਨੇ ਜ਼ੋਰ ਫੜਿਆ


ਸਤਵਿੰਦਰ ਬਸਰਾ
ਲੁਧਿਆਣਾ, 30 ਨਵੰਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਮੀਂਹ ਪੈਣ ਨਾਲ ਠੰਢ ਵਧ ਗਈ ਹੈ। ਇੱਥੇ ਮੀਂਹ ਸਵੇਰੇ 8 ਕੁ ਵਜੇ ਸ਼ੁਰੂ ਹੋਇਆ ਅਤੇ ਰੁਕ-ਰੁਕ ਕੇ ਦੁਪਹਿਰ ਬਾਅਦ ਤਿੰਨ ਵਜੇ ਤੱਕ ਜਾਰੀ ਰਿਹਾ। ਜਾਣਕਾਰੀ ਅਨੁਸਾਰ ਮੀਂਹ ਕਾਰਨ ਕਈ ਨੀਵਿਆਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੌਸਮ ਮਾਹਿਰਾਂ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਬੱਦਲਵਾਈ ਰਹਿਣ ਅਤੇ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ।ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੱਦਲਵਾਈ ਤੋਂ ਬਾਅਦ ਵੀਰਵਾਰ ਸਵੇਰ ਸਮੇਂ ਤੋਂ ਹੀ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਕਰੀਬ ਸੱਤ ਘੰਟੇ ਰੁਕ-ਰੁਕ ਕੇ ਪਏ ਇਸ ਮੀਂਹ ਕਾਰਨ ਲੁਧਿਆਣਾ ਦੀਆਂ ਨੀਵੀਆਂ ਥਾਵਾਂ ਟ੍ਰਾਂਸਪੋਰਟ ਨਗਰ, ਜੋਧੇਵਾਲ ਬਸਤੀ, ਰਾਹੋਂ ਰੋਡ, ਸ਼ਿਵਾਜੀ ਨਗਰ, ਗੁਰੂ ਅਰਜਨ ਦੇਵ ਨਗਰ, ਗਊਸ਼ਾਲਾ ਰੋਡ, ਦਮੋਰੀਆ ਪੁਲ ਆਦਿ ਖੇਤਰਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਜਦਕਿ ਕਈ ਇਲਾਕਿਆਂ ਦੀਆਂ ਕੱਚੀਆਂ ਗਲੀਆਂ ਵਿੱਚ ਸਾਰਾ ਦਿਨ ਚਿੱਕੜ ਰਿਹਾ। ਮੀਂਹ ਕਾਰਨ ਜਿੱਥੇ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਉੱਥੇ ਸਵੇਰ ਸਮੇਂ ਬੱਚਿਆਂ ਨੂੰ ਸਕੂਲਾਂ ਅਤੇ ਆਮ ਲੋਕਾਂ ਨੂੰ ਆਪਣੇ ਕੰਮਾਂ ’ਤੇ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਕਦਮ ਮੀਂਹ ਨੇ ਕਿਸੇ ਨੂੰ ਵੀ ਸੁਰੱਖਿਅਤ ਥਾਵਾਂ ਤੱਕ ਪਹੁੰਚਣ ਦਾ ਮੌਕਾ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਜਿਹੜਾ ਤਾਪਮਾਨ ਪਿਛਲੇ ਦਿਨੀਂ 23 ਤੋਂ 25 ਡਿਗਰੀ ਸੈਲਸੀਅਸ ਤੱਕ ਸੀ, ਜੋ ਅੱਜ ਘੱਟੋ ਘੱਟ 15.0 ਅਤੇ ਵੱਧ ਤੋਂ ਵੱਧ 18.6 ਡਿਗਰੀ ਸੈਲਸੀਅਸ ਰਿਹਾ। ਜੇਕਰ ਪੀਏਯੂ ਦੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਵਿੱਚ 12.6 ਐਮਐਮ ਮੀਂਹ ਪਿਆ। ਮੀਂਹ ਕਾਰਨ ਸਵੇਰੇ ਅਤੇ ਸ਼ਾਮ ਸਮੇਂ ਮੌਸਮ ਵਿੱਚ ਨਮੀ ਦੀ ਮਾਤਰਾ 89 ਫੀਸਦੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਣ ਵਾਲੇ 24 ਘੰਟਿਆਂ ਵਿੱਚ ਮੌਸਮ ਬੱਦਲਵਾਈ ਵਾਲਾ ਰਹੇਗਾ ਅਤੇ ਮੀਂਹ ਵੀ ਪੈ ਸਕਦਾ ਹੈ। ਉੱਧਰ ਮੀਂਹ ਕਾਰਨ ਧੂੰਏਂ ਕਾਰਨ ਵਧੇ ਪ੍ਰਦੂਸ਼ਣ ਅਤੇ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਸਨਅਤੀ ਸ਼ਹਿਰ ਵਿੱਚ ਮੀਂਹ ਤੋਂ ਬਾਅਦ ਵਧੀ ਠੰਢ ਨੇ ਲੋਕਾਂ ਨੂੰ ਗਰਮ ਕੱਪੜੇ ਕੱਢਣ ਲਈ ਮਜਬੂਰ ਕਰ ਦਿੱਤਾ ਹੈ । ਸ਼ਾਮ ਸਮੇਂ ਸ਼ਹਿਰ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਸਰਾਭਾ ਮਾਰਕੀਟ ਆਦਿ ਵਿੱਚ ਗਰਮ ਕੱਪੜੇ ਖਰੀਦਣ ਵਾਲਿਆਂ ਦੀ ਵੀ ਭੀੜ ਲੱਗੀ ਰਹੀ।

The post ਲੁਧਿਆਣਾ ਵਿੱਚ ਮੀਂਹ ਮਗਰੋਂ ਠੰਢ ਨੇ ਜ਼ੋਰ ਫੜਿਆ appeared first on punjabitribuneonline.com.



Source link