ਸੰਜੈ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ

ਸੰਜੈ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ


ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਕਤੂਬਰ
ਆਮ ਆਦਮੀ ਪਾਰਟੀ ਨੇ ਅੱਜ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਦੀ ਗ੍ਰਿਫਤਾਰੀ ਅਤੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਭਾਜਪਾ ਹੈੱਡਕੁਆਰਟਰ ਨੇੜੇ ਪ੍ਰਦਰਸ਼ਨ ਕੀਤਾ। ‘ਆਪ’ ਵਰਕਰਾਂ ਤੇ ਸਮਰਥਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸੰਸਦ ਮੈਂਬਰ ਸੰਜੈ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਇਸ ਦੌਰਾਨ ‘ਆਪ’ ਵਰਕਰਾਂ ਨੂੰ ਦਿੱਲੀ ਪੁਲੀਸ ਵੱਲੋਂ ਭਾਰੀ ਬਲ ਦੀ ਵਰਤੋਂ ਦਾ ਵੀ ਸਾਹਮਣਾ ਕਰਨਾ ਪਿਆ। ਪੁਲੀਸ ਨੇ ‘ਆਪ’ ਵਰਕਰਾਂ ਨੂੰ ਬੈਰੀਕੇਡ ਲਗਾ ਕੇ ਅੱਗੇ ਵਧਣ ਤੋਂ ਰੋਕਿਆ, ਜਦੋਂ ਕਾਰਕੁਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਲਾਠੀਚਾਰਜ ਕੀਤਾ, ਜਿਸ ਕਾਰਨ ਕਈ ਵਰਕਰ ਗੰਭੀਰ ਜ਼ਖ਼ਮੀ ਹੋ ਗਏ। ਇਸ ਮਗਰੋਂ ਪੁਲੀਸ ਨੇ ਸੈਂਕੜੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਅਡਾਨੀ ਘਪਲੇ ਦਾ ਪਰਦਾਫਾਸ਼ ਕਰਨ ’ਤੇ ਸੰਜੈ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਜਪਾ ਦੇ ਮੁੱਖ ਦਫ਼ਤਰ ਨੇੜੇ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਅਤੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਰਕਰਾਂ ਵੱਲੋਂ, ‘‘ਜਦੋਂ ਵੀ ਮੋਦੀ ਡਰਦਾ ਹੈ, ਉਹ ਈਡੀ ਅੱਗੇ ਕਰਦਾ ਹੈ, ਮੋਦੀ ਤਾਨਾਸ਼ਾਹੀ ਨਹੀਂ ਚੱਲੇਗੀ, ਸੰਜੈ ਸਿੰਘ ਸ਼ੇਰ ਹੈ, ਸੰਜੈ ਸਿੰਘ ਨੂੰ ਰਿਹਾਅ ਕਰੋ’’ ਆਦਿ ਨਾਅਰੇ ਲਗਾਏ ਗਏ। ਇਸ ਮੌਕੇ ਪੁਲੀਸ ਵੱਲੋਂ ਰੋਕੇ ਜਾਣ ’ਤੇ ਕੁਝ ਸਮੇਂ ਬਾਅਦ ‘ਆਪ’ ਕਾਰਕੁਨਾਂ ਨੂੰ ਧਰਨਾ ਸਮਾਪਤ ਕਰਨਾ ਪਿਆ।
ਉਥੇ ਹੀ ਅੱਜ ਇਥੇ ‘ਆਪ’ ਦੇ ਕਾਨੂੰਨੀ ਸੈੱਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਭਾਰਤੀ ਸੰਵਿਧਾਨ ਵਿੱਚ ਸੋਧ ਕਰਨ ਦੇ ਫ਼ੈਸਲੇ ਵਿਰੁੱਧ ‘ਸੰਵਿਧਾਨ ਬਚਾਓ, ਰਾਸ਼ਟਰ ਬਚਾਓ’ ਮਾਰਚ ਕੀਤਾ। ‘ਆਪ’ ਦੇ ਕਾਨੂੰਨੀ ਸੈੱਲ ਦੇ ਪ੍ਰਧਾਨ ਐਡਵੋਕੇਟ ਸੰਜੀਵ ਨਸੀਅਰ ਨੇ ਇੱਥੇ ਦੱਸਿਆ ਕਿ ਮੰਗਲਵਾਰ ਨੂੰ ਪ੍ਰਦਰਸ਼ਨ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ’ਤੇ 17,500 ਵਕੀਲਾਂ ਨੇ ਦਸਤਖ਼ਤ ਕੀਤੇ ਹਨ ਤੇ ਦੇਸ਼ ਭਰ ਤੋਂ ਵਕੀਲਾਂ ਨੇ ਇਸ ਮਾਰਚ ਵਿੱਚ ਹਿੱਸਾ ਲਿਆ ਤੇ ਲੋਕਾਂ ਨੂੰ ਮੋਦੀ ਸਰਕਾਰ ਦੀ ਲੋਕਤੰਤਰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਡਟਣ ਦਾ ਹੋਕਾ ਦਿੱਤਾ ਗਿਆ। ਵਕੀਲਾਂ ਨੇ ਕਾਲੇ ਚੋਗੇ ਪਾਏ ਹੋਏ ਸਨ ਤੇ ਉਨ੍ਹਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪਟਿਆਲਾ ਹਾਊਸ ਅਦਾਲਤ ਦੇ ਗੇਟ ਨੰਬਰ-4 ਕੋਲ ਇੱੱਕਠੇ ਹੋ ਕੇ ਸੰਵਿਧਾਨ ਬਚਾਉਣ ਦੇ ਨਾਅਰੇ ਲਾਏ। ਸ੍ਰੀ ਨਸੀਅਰ ਨੇ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇਸ਼ ਵਿਚ ਸੰਵਿਧਾਨ ਨੂੰ ਕਮਜ਼ੋਰ ਕਰ ਰਹੀ ਹੈ, ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ‘ਆਪ’ ਦੇ ਕਾਨੂੰਨੀ ਸੈੱਲ ਨੇ ਆਪਣੀ ਕੇਂਦਰੀ ਲੀਡਰਸ਼ਿਪ ਦੀ ਸਹਿਮਤੀ ਨਾਲ ਡੇਢ ਮਹੀਨੇ ਪਹਿਲਾਂ ‘ਸੰਵਿਧਾਨ ਬਚਾਓ, ਰਾਸ਼ਟਰ ਬਚਾਓ’ ਮੁਹਿੰਮ ਸ਼ੁਰੂ ਕੀਤੀ ਸੀ।

 

ਦਿੱਲੀ ਦੇ ਚੌਰਾਹਿਆਂ ’ਤੇ ਕੇਜਰੀਵਾਲ ਖ਼ਿਲਾਫ਼ ਨਾਅਰੇ ਗੂੰਜੇ

ਅਰਵਿੰਦ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਏਐੱਨਆਈ

ਭਾਜਪਾ ਦੇ ਯੁਵਾ ਮੋਰਚਾ ਨੇ ਅੱਜ ਦਿੱਲੀ ਵਿੱਚ 31 ਗਰੁੱਪ ਬਣਾ ਕੇ ਮੁੱਖ ਚੌਰਾਹਿਆਂ ’ਤੇ ਸ਼ਰਾਬ ਘਪਲੇ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਤਖ਼ਤੀਆਂ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਯੂਥ ਵਰਕਰ ਤਖ਼ਤੀਆਂ ਲੈ ਕੇ ਖੜ੍ਹੇ, ਜਨਿ੍ਹਾਂ ’ਤੇ, ‘‘ਸ਼ਰਾਬ ਦੀ ਦੋਸਤੀ ਭਾਰੀ ਪਈ’’, ‘ਹੁਣ ਸਾਫ਼ ਹੈ ਕਿ ਕੇਜਰੀਵਾਲ ਭ੍ਰਿਸ਼ਟ ਹੈ’’, ਵਰਗੇ ਨਾਅਰੇ ਲਿਖੇ ਹੋਏ ਸਨ। ਆਈਟੀਓ ਚੌਕ ਨੇੜੇ ਨੌਜਵਾਨ ਵਰਕਰਾਂ ਦੇ ਨਾਲ-ਨਾਲ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਵੀ ਜਨ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ। ਇਸ ਪ੍ਰਦਰਸ਼ਨ ਵਿੱਚ ਸੰਸਦ ਮੈਂਬਰ ਮਨੋਜ ਤਵਿਾੜੀ ਅਤੇ ਵੱਖ-ਵੱਖ ਥਾਵਾਂ ਤੋਂ ਮੋਰਚੇ ਦੇ ਪ੍ਰਮੁੱਖ ਵਰਕਰ ਵੀ ਹਾਜ਼ਰ ਸਨ। ਆਈਟੀਓ ਚੌਰਾਹੇ ਤੋਂ ਇਲਾਵਾ ਯੁਵਾ ਮੋਰਚਾ ਦੇ ਵਰਕਰਾਂ ਨੇ ਨਿਜ਼ਾਮੂਦੀਨ ਪੁਲ ਅਕਸ਼ਰਧਾਮ, ਸੁਨੇਹਰੀ ਬਾਗ ਚੌਕ, ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਘਰ ਨੇੜੇ, ਮੋਤੀ ਲਾਲ ਨਹਿਰੂ ਚੌਕ, ਤਿਲਕ ਮਾਰਗ ਫੁੱਟ ਓਵਰਬ੍ਰਿਜ, ਆਈਟੀਓ ਪੁਲ, ਪਾਲਿਕਾ ਸਰਕਲ ਅਤੇ ਗੋਲ ਚੌਕ ’ਤੇ ਵੀ ਰੋਸ ਪ੍ਰਦਰਸ਼ਨ ਕੀਤਾ। ਡਾਕਖਾਨਾ, ਮਿੰਟੋ ਰੋਡ ਚੌਕ, ਮੰਡੀ ਹਾਊਸ ਚੌਕ, ਰਾਜਘਾਟ, ਏਮਜ਼, ਧੌਲਾ ਕੁਆਂ, ਮੂਲਚੰਦ ਫਲਾਈਓਵਰ, ਦਿਆਲ ਸਿੰਘ ਕਾਲਜ, ਸੱਤਿਆ ਨਿਕੇਤਨ, ਆਰਐੱਮਐੱਲ ਚੌਕ, ਜਨਪਥ ਚੌਕ, ਸੁਨੇਹਰੀ ਬਾਗ, ਰੇਲ ਭਵਨ, ਅਕਬਰ ਰੋਡ ਚੌਕ, ਰੇਲ ਭਵਨ ਚੌਕ, ਰੇਲ ਭਵਨ ਚੌਂਕ ਚੱਕਰ, ਸੰਘਰੀਲਾ ਅਸ਼ੋਕ ਰੋਡ, ਪਾਰਲੀਮੈਂਟ ਚੌਂਕ, ਤੀਨ ਮੂਰਤੀ, ਕਲੇਰਿਜ ਹੋਟਲ ਚੌਕ, ਪ੍ਰੈੱਸ ਕਲੱਬ, 11 ਮੂਰਤੀ ਫੁੱਟ ਓਵਰ ਅਤੇ 11 ਮੂਰਤੀ ਚੌਕ ਵਿੱਚ ਇਹ ਜਨ ਜਾਗਰੂਕਤਾ ਮੁਹਿੰਮ ਚਲਾਈ ਗਈ।

The post ਸੰਜੈ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ appeared first on punjabitribuneonline.com.



Source link