Amritsar News: ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਇਸ ਸਮੇਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਘੱਲੂਘਾਰਾ ਦਿਵਸ ਨੂੰ ਲੈ ਕੇ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਇਕ ਪਾਸੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਆਪਣੀ ਕਮਾਨ ਸੰਭਾਲੀ ਹੋਈ ਹੈ ਤਾਂ ਦੂਜੇ ਪਾਸੇ ਪੁਲਿਸ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰਕੇ ਸੁਰੱਖਿਆ ਦੀ ਰਣਨੀਤੀ ਬਣਾਈ ਹੈ। ਭੰਡਾਰੀ ਪੁਲ ਤੋਂ ਲੈ ਕੇ ਗਲਿਆਰਾ ਖੇਤਰ ਤੱਕ ਪੁਲਿਸ ਬਲ ਦੇ ਨਾਲ ਬਲੈਕ ਕੈਟ ਕਮਾਂਡੋਆਂ ਦੀਆਂ ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਹਿਰ ਦੇ ਚੱਪੇ-ਚੱਪੇ ’ਤੇ ਨਾਕੇ ਲਗਾਏ ਗਏ ਹਨ। ਨਾਕਾ ਪਾਰਟੀਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਬਿਨਾਂ ਚੈਕਿੰਗ ਦੇ ਕਿਸੇ ਵੀ ਗੱਡੀ ਨੂੰ ਨਾ ਲੰਘਣ ਦਿੱਤਾ ਜਾਵੇ।
ਜਾਣਕਾਰੀ ਲਈ ਦੱਸ ਦੇਈਏ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜ਼ਿਲੇ ਦੇ ਸਾਰੇ ਉੱਚ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਨਾਲ ਸੁਰੱਖਿਆ ਨੂੰ ਲੈ ਕੇ ਬ੍ਰੀਫਿੰਗ ਕੀਤੀ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਖ਼ਦਸ਼ੇ ’ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਐਂਟਰੀ ਅਤੇ ਐਗਜ਼ਿਟ ਪੁਆਇੰਟ ਹੋਣਗੇ ਸੀਲ
ਦੱਸ ਦੇਈਏ ਕਿ ਘੱਲੂਘਾਰਾ ਦਿਵਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਐਂਟਰੀ ਅਤੇ ਐਗਜ਼ਿਟ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ। ਕਿਸੇ ਵੀ ਵਾਹਨ ਅਤੇ ਵਿਅਕਤੀ ਨੂੰ ਬਿਨਾਂ ਚੈਕਿੰਗ ਦੇ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਨੂੰ ਆਪੋ-ਆਪਣੇ ਖੇਤਰ ਵਿਚ ਨਾਕੇ ਲਗਾ ਕੇ ਗੱਡੀਆਂ ਦੀ ਚੈਕਿੰਗ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਜਾਣ ਦੇਣ ਲਈ ਕਿਹਾ ਗਿਆ ਹੈ। ਕਿਸੇ ਵੀ ਸ਼ੱਕੀ ਵਿਅਕਤੀ ਅਤੇ ਸ਼ਰਾਰਤੀ ਅਨਸਰ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਦੇ ਨਿਰਦੇਸ਼ ਹਨ।
ਸ਼ਹਿਰ ਦੇ ਤੰਗ ਬਾਜ਼ਾਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ। ਪਬਲਿਕ ਦੇ ਮਨੋਬਲ ਨੂੰ ਵਧਾਉਣ ਲਈ ਪੁਲਿਸ ਤੰਗ ਗਲੀਆਂ ਵਿੱਚ ਵੀ ਆਪਣੀ ਹਾਜ਼ਰੀ ਦਰਜ ਕਰਵਾ ਰਹੀ ਹੈ। ਪੁਲਿਸ ਵੱਲੋਂ ਹਰ ਸ਼ਹਿਰ ਵਾਸੀ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਉਸ ਵਿਰੁੱਧ ਠੋਸ ਕਾਰਵਾਈ ਕੀਤੀ ਜਾ ਸਕੇ।
ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦਾ ਪੂਰਾ ਸਹਿਯੋਗ
ਅੰਮ੍ਰਿਤਸਰ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਉਣ ਵਾਲੇ ਯਾਤਰੀਆਂ/ਸ਼ਰਧਾਲੂਆਂ ਨਾਲ ਵੀ ਪੁਲਸ ਵੱਲੋਂ ਖ਼ਾਸਾ ਸਹਿਯੋਗ ਕੀਤਾ ਜਾ ਰਹੀ ਹੈ। ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੁਲਿਸ ਉਨ੍ਹਾਂ ਨੂੰ ਰਸਤਿਆਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ’ਤੇ ਕਿਸ ਤਰ੍ਹਾਂ ਪਹੁੰਚਣਾ ਹੈ, ਇਸ ਬਾਰੇ ਵੀ ਜਾਣਕਾਰੀ ਦੇ ਰਹੀ ਹੈ।
ਪੁਲਿਸ ਕਮਿਸ਼ਨਰ ਬੋਲੇ
ਸ਼ਹਿਰ ਦੀਆਂ ਸਾਰੀਆਂ ਜਨਤਕ ਥਾਵਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਦੇ ਬਾਹਰ ਸਖ਼ਤ ਪਹਿਰਾ ਬਿਠਾਇਆ ਗਿਆ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ। ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵੀ ਪੁਲਿਸ ਲਗਾਤਾਰ ਸੰਪਰਕ ਵਿਚ ਹੈ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ, ਇਸ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਘੱਲੂਘਾਰਾ ਹਫ਼ਤੇ ਨੂੰ ਦੇਖਦਿਆਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧ ਵਿੱਚ ਪੁਲਿਸ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਬੈਠਕਾਂ ਕਰ ਰਹੀ ਹੈ।
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha







